ਸਿੱਖ ਜਥੇਬੰਦੀਆਂ ਅਤੇ ਦਲਿਤ ਆਗੂਆਂ ਨੇ ਅੰਬੇਡਕਰ ਚੌਕ ਵਿਖੇ ਲਾਇਆ ਧਰਨਾ
Saturday, Apr 28, 2018 - 02:46 AM (IST)

ਜਲੰਧਰ (ਚਾਵਲਾ) - ਅੱਜ ਪੰਥਕ ਤਾਲਮੇਲ ਸੰਗਠਨ ਤੇ ਬਹੁਜਨ ਸਮਾਜ ਦੇ ਸਹਿਯੋਗ ਨਾਲ ਅੰਬੇਡਕਰ ਚੌਕ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਅੱਗੇ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਗਿਆ। ਇਹ ਧਰਨਾ ਬੀਤੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵਲੋਂ ਦਸਤਾਰ 'ਤੇ ਕੀਤੀ ਟਿੱਪਣੀ ਦੇ ਰੋਸ ਵਜੋਂ ਜਥੇਬੰਦੀਆਂ ਵਲੋਂ ਲਾਇਆ ਗਿਆ। ਇਸ ਮੌਕੇ ਪਰਮਿੰਦਰ ਪਾਲ ਸਿੰਘ ਖਾਲਸਾ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਸਾਹਮਣੇ ਪ੍ਰਸ਼ਾਸਨ ਨੂੰ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਸੌਂਪਿਆ। ਇਸ ਦੌਰਾਨ ਸਿੱਖ ਸੇਵਕ ਸੁਸਾਇਟੀ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਡਾ. ਅੰਬੇਡਕਰ ਦੇ ਨਾਂ ਨਾਲ ਮੁਖਾਤਿਬ ਹੁੰਦਿਆਂ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ 'ਚ ਕਿਹਾ ਕਿ ਅਸੀਂ ਤੁਹਾਡੇ ਕੋਲ ਇਸ ਲਈ ਆਏ ਹਾਂ ਕਿਉਂਕਿ ਭਾਰਤ ਸਰਕਾਰ, ਸੁਪਰੀਮ ਕੋਰਟ ਅਤੇ ਅਫਸਰਸ਼ਾਹੀ ਸਾਡੀ ਸੁਣਵਾਈ ਨਹੀਂ ਕਰ ਰਹੀਆਂ। ਸਾਡੇ ਸੰਵਿਧਾਨਕ ਹੱਕ ਖਤਰੇ ਵਿਚ ਹਨ। ਅਸੀਂ ਤੁਹਾਡੇ ਰਾਹੀਂ ਇਹ ਸ਼ਿਕਾਇਤ ਰਾਸ਼ਟਰਪਤੀ ਕੋਲ ਦਰਜ ਕਰਵਾਉਣਾ ਚਾਹੁੰਦੇ ਹਾਂ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਜਸਟਿਸ ਐੱਸ. ਏ. ਗੌੜਵੇ ਅਤੇ ਐੱਲ. ਐੱਨ. ਰਾਓ ਦੀ ਬੈਂਚ ਵਲੋਂ ਕੀਤੀ ਗਈ ਟਿੱਪਣੀ 'ਕੀ ਸਿੱਖਾਂ ਲਈ ਦਸਤਾਰ ਬੰਨ੍ਹਣਾ ਲਾਜ਼ਮੀ ਹੈ'? ਨਾਲ ਅਦਾਲਤ ਨੇ ਸਿੱਖ ਧਰਮ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤਾਂ ਜ਼ਲੀਲ ਨਾ ਕਰਨ ਤੇ ਨਾ ਹੀ ਸਾਡੀ ਸੰਵਿਧਾਨਕ ਆਜ਼ਾਦੀ ਖੋਹਣ।
ਬਾਬਾ ਸਾਹਿਬ ਅੰਬੇਡਕਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਹਿੰਦੂ ਰਾਸ਼ਟਰਵਾਦ ਦੇ ਨਾਂ 'ਤੇ ਦਲਿਤਾਂ, ਮੁਸਲਮਾਨਾਂ, ਪੱਛੜੀਆਂ ਸ਼੍ਰੇਣੀਆਂ, ਆਦੀਵਾਸੀ 'ਤੇ ਹਮਲੇ ਹੋ ਰਹੇ ਹਨ। ਅਸੀਂ ਤੁਹਾਡੇ ਰਾਹੀਂ ਭਾਰਤ ਸਰਕਾਰ ਅੱਗੇ ਸਵਾਲ ਰੱਖਣਾ ਚਾਹੁੰਦੇ ਹਾਂ ਕਿ ਕੀ ਪੰਜਾਬ, ਸਿੱਖ, ਘੱਟ ਗਿਣਤੀਆਂ, ਦਲਿਤ, ਆਦੀਵਾਸੀ, ਮੁਸਲਮਾਨ ਭਾਰਤ ਦਾ ਹਿੱਸਾ ਨਹੀਂ ਹਨ। ਅਸੀਂ ਤੁਹਾਡੇ ਰਾਹੀਂ ਆਪਣੀ ਆਵਾਜ਼ ਰਾਸ਼ਟਰਪਤੀ ਕੋਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਉਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਣ, ਜਦਕਿ ਇਸ ਦੌਰਾਨ ਮੰਚ ਦਾ ਸੰਚਾਲਨ ਸੁਰਿੰਦਰਪਾਲ ਸਿੰਘ ਗੋਲਡੀ ਕਰ ਰਹੇ ਸਨ। ਇਸ ਮੌਕੇ ਐਡਵੋਕੇਟ ਜਸਵਿੰਦਰ ਸਿੰਘ, ਬਲਵਿੰਦਰ ਅੰਬੇਡਕਰ ਬਹੁਜਨ ਸਮਾਜ ਪਾਰਟੀ, ਰਾਜਿੰਦਰ ਰਾਣਾ ਭਾਰਤੀ ਮੁਕਤੀ ਮੋਰਚਾ, ਕੁਲਦੀਪ ਸਿੰਘ ਅੰਮ੍ਰਿਤਸਰ, ਪ੍ਰੋ. ਬਲਵਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਗੁਰਚਰਨ ਸਿੰਘ ਬਸਿਆਲਾ, ਗੋਪਾਲ ਸਿੰਘ ਪਾਲੀ, ਰੂਪ ਕੰਵਰ ਸਿੰਘ, ਹਰਭਜਨ ਸਿੰਘ ਬੈਂਸ, ਗਗਨਦੀਪ ਸਿੰਘ ਚੌਧਰੀ, ਦਵਿੰਦਰ ਸਿੰਘ ਆਨੰਦ, ਬਾਵਾ ਖਰਬੰਦਾ, ਅਮਰਜੀਤ ਸਿੰਘ ਡਬਲ ਏ, ਅਰਵਿੰਦਰਜੀਤ ਸਿੰਘ ਚੱਢਾ, ਹਰਦੇਵ ਸਿੰਘ ਗਰਚਾ, ਬਲਵਿੰਦਰ ਸਿੰਘ, ਬਲਦੇਵ ਸਿੰਘ ਬੱਲ, ਸੁਰਿੰਦਰ ਸਿੰਘ ਕਪੂਰਥਲਾ, ਮਨਜੀਤ ਸਿੰਘ ਦੁਆ ਆਦਿ ਹਾਜ਼ਰ ਸਨ।