ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤੀ ਨਾਅਰੇਬਾਜ਼ੀ
Thursday, Oct 26, 2017 - 07:57 AM (IST)
ਮੋਗਾ (ਪਵਨ ਗਰੋਵਰ/ਗੋਪੀ ਰਾਊਕੇ ) - ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਖਿਲਾਫ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਰਕਾਰ ਅਤੇ ਸਿੱਖਿਆ ਸਕੱਤਰ ਦਾ ਪੁਤਲਾ ਵੀ ਫੂਕਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਿੱਖਿਆ ਸਕੱਤਰ ਦੀਆਂ ਮਨਮਾਨੀਆਂ ਖਿਲਾਫ ਆਂਗਣਵਾੜੀ ਵਰਕਰਾਂ ਨੇ ਆਪਣੇ ਸੰਘਰਸ਼ ਦਾ ਮੋਰਚਾ ਖੋਲ੍ਹ ਦਿੱਤਾ ਹੈ। ਸਿੱਖਿਆ ਸਕੱਤਰ ਦੇ ਨਾਦਰਸ਼ਾਹੀ ਹੁਕਮ ਜਾਰੀ ਕਰਦਿਆਂ ਤਿੰਨ ਸਾਲ ਦੇ ਬੱਚੇ ਅੱਜ ਤੋਂ ਹੀ ਸਰਕਾਰੀ ਪ੍ਰਾਇਮਰੀ ਸਕੂਲ 'ਚ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਦਕਿ ਪੂਰੇ ਭਾਰਤ 'ਚ ਇਹ ਬੱਚੇ ਆਂਗਣਵਾੜੀ ਸੈਂਟਰਾਂ 'ਚ ਪੜ੍ਹ ਰਹੇ ਹਨ। ਬਲਾਕ ਪ੍ਰਧਾਨ ਕਿਰਨਜੀਤ ਕੌਰ ਝੰਡੇਆਣਾ ਨੇ ਕਿਹਾ ਕਿ ਅਸੀਂ ਪਿਛਲੇ 42 ਸਾਲਾਂ ਤੋਂ ਇਨ੍ਹਾਂ ਬੱਚਿਆਂ ਨੂੰ ਪ੍ਰੀ-ਸਕੂਲ ਦੀਆਂ ਸਿੱਖਿਆ ਦੇ ਰਹੇ ਹਾਂ ਪਰ ਸਮੇਂ ਦੀਆਂ ਸਰਕਾਰਾਂ ਨੇ ਤਾਂ ਬੱਚਿਆਂ ਨੂੰ ਸਹੂਲਤਾਂ ਹੀ ਨਹੀਂ ਦਿੱਤੀਆਂ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਵਰਕਰਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਯੂਨੀਅਨ ਦੇ ਵਰਕਰ 80 ਫੀਸਦੀ ਤੋਂ ਉਪਰ ਪੀ. ਐੱਚ. ਡੀ., ਐੱਮ. ਏ. ਐੱਮ. ਐੱਡ, ਬੀ. ਏ., ਪੀ. ਜੀ. ਡੀ. ਸੀ. ਏ. ਅਤੇ ਤਿੰਨ ਸਾਲ ਟੀ. ਈ. ਟੀ. ਕਲੀਅਰ ਹੈ ਅਤੇ ਹੈਲਪਰ 10ਵੀਂ ਪਾਸ ਹਨ। ਉਨ੍ਹਾਂ ਦਾ 30 ਸਾਲ ਦਾ ਤਜਰਬਾ ਹੈ, ਜਿਨ੍ਹਾਂ 'ਚ ਕਈ ਵਰਕਰ ਤਾਂ ਤਜਰਬੇ ਦੇ ਆਧਾਰ 'ਤੇ ਸੁਪਰਵਾਈਜ਼ਰ ਤੋਂ ਸੀ. ਡੀ. ਪੀ. ਓ. ਪ੍ਰਮੋਟ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰੇ ਵਰਕਰ, ਹੈਲਪਰ ਜੋ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਾਇਮਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ, ਦੂਸਰਿਆਂ ਨੂੰ ਦਿੱਲੀ ਪੈਟਰਨ 'ਤੇ ਮਾਣਭੱਤਾ ਦਿੱਤਾ ਜਾਵੇ।
ਉਨ੍ਹਾਂ ਸਿੱਖਿਆ ਸਕੱਤਰ 'ਤੇ ਦੋਸ਼ ਲਾਇਆ ਕਿ ਉਹ ਛੇਤੀ ਤੋਂ ਛੇਤੀ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰ ਕੇ ਸਿਰਫ ਸਰਬ ਸਿੱਖਿਆ ਅਭਿਆਨ ਤਹਿਤ ਪ੍ਰੀ-ਨਰਸਰੀ ਕਿੱਟਾਂ ਖਰੀਦਣ ਦੇ ਇੱਛੁਕ ਹੀ ਹਨ ਤਾਂ ਕਿ ਉਸ 'ਚ ਘਪਲਾ ਨਾ ਕੀਤਾ ਜਾ ਸਕੇ, ਜਦਕਿ ਉਨ੍ਹਾਂ ਕਿੱਟਾਂ ਨੂੰ ਲਾਗੂ ਕਰਵਾਉਣ ਲਈ ਸਾਡੀ ਯੂਨੀਅਨ ਨੇ ਸੰਘਰਸ਼ ਕਰ ਕੇ ਕੇਂਦਰ ਸਰਕਾਰ ਤੋਂ ਫੰਡ ਹਾਸਲ ਕੀਤੇ, ਜੇਕਰ ਛੇਤੀ ਹੀ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਸਿੱਖਿਆ ਸਕੱਤਰ ਦੀ ਹੋਵੇਗੀ।
