ਗਜ਼ਟਿਡ ਅਤੇ ਨਾਨ-ਗਜ਼ਟਿਡ ਫੈੱਡਰੇਸ਼ਨ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ

Thursday, Jun 21, 2018 - 08:02 AM (IST)

 ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਗਜ਼ਟਿਡ ਅਤੇ ਨਾਨ-ਗਜ਼ਟਿਡ ਫੈੱਡਰੇਸ਼ਨ ਵੱਲੋਂ ਪੰਜਾਬ ਪੱਧਰ ’ਤੇ ਉਲੀਕੇ ਪ੍ਰੋਗਰਾਮ ਤਹਿਤ  ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਲਿਤ ਵਰਗ ਦੇ ਮੁਲਾਜ਼ਮਾਂ ਅਤੇ ਦਲਿਤ ਵਰਗ ਦੇ ਲੋਕਾਂ ਨਾਲ ਬੇਇਨਸਾਫੀ ਕਰ ਕੇ ਸੰਵਿਧਾਨਕ ਹੱਕਾਂ ਤੋਂ ਵਾਂਝੇ ਕਰ ਕੇ ਦਲਿਤ ਵਰਗ ਪ੍ਰਤੀ ਆਪਣਾ ਰਵੱਈਆ ਬੇਨਕਾਬ ਕਰ ਰਹੀ ਹੈ। ਸੰਵਿਧਾਨ ਨਾਲ ਛੇਡ਼ਛਾਡ਼ ਕਰ ਕੇ 20 ਫਰਵਰੀ ਦਾ ਐੱਸ. ਸੀ./ਐੱਸ. ਟੀ. ਦਲਿਤ ਵਿਰੋਧੀ ਫੈਸਲਾ ਕੀਤਾ ਗਿਆ, ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਸਡ਼ਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ। ਹੋਰ ਤਾਂ ਹੋਰ ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਇਨ੍ਹਾਂ ਲੋਕਾਂ ਨਾਲ ਜੋ ਵਾਅਦੇ ਚੋਣ ਮੈਨੀਫੈਸਟੋ ’ਚ ਕੀਤੇ ਸਨ, ਉਨ੍ਹਾਂ ਨੂੰ ਅਣਗੌਲਿਆ ਕਰ ਕੇ ਦਲਿਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅੱਜ ਜ਼ਿਲਾ ਸੰਗਰੂਰ ਦੀ ਇਕਾਈ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜੇਕਰ ਫਿਰ ਵੀ ਸਰਕਾਰ ਨੇ ਇਨ੍ਹਾਂ ਲੋਕਾਂ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ, ਸੰਵਿਧਾਨਕ ਹੱਕਾਂ ਤੋਂ ਵਾਂਝੇ ਕਰਨ ਦੀ ਨੀਤੀ ਨੂੰ ਨਾ ਛੱਡਿਆ ਤੇ ਅਦਾਲਤੀ ਹੁਕਮ ਲਾਗੂ ਨਾ ਕੀਤੇ ਤਾਂ ਮਜਬੂਰਨ ਇਸ ਤੋਂ ਵੱਡਾ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ।
ਹੋਰ ਮੰਗਾਂ ਤੋਂ ਇਲਾਵਾ ਫੈੱਡਰੇਸ਼ਨ ਦੀਆਂ ਮੁੱਖ ਮੰਗਾਂ ਜਿਵੇਂ ਸੰਵਿਧਾਨਕ ਸੋਧ ਲਾਗੂ ਕਰਨ, 10-10-14 ਦਾ ਪੱਤਰ ਤੁਰੰਤ ਵਾਪਸ ਲੈਣਾ, ਰਿਜ਼ਰਵੇਸ਼ਨ ਪਾਲਿਸੀ ’ਚ ਸੀਨੀਅਰ ਕਮ-ਮੈਰਿਟ ਦਾ ਫਾਰਮੂਲਾ ਲਾਗੂ ਕਰਨਾ, ਬੈਕਲਾਗ ਪੂਰਾ ਕਰਨਾ, ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰਨੇ, ਆਬਾਦੀ ਅਨੁਸਾਰ ਬਣਦਾ ਹੱਕ 38 ਫੀਸਦੀ ਲਾਗੂ ਕਰਨਾ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਬਲਾਕ ਵਾਈਸ ਬੁੱਤ ਲਗਾਉਣਾ ਆਦਿ।
ਇਸ ਮੌਕੇ ਸੁਖਦੇਵ ਸਿੰਘ ਦੀ ਅਗਵਾਈ ’ਚ ਸੈਂਕਡ਼ੇ ਦਲਿਤ ਵਰਗ ਦੇ ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ। ਧਰਨੇ ’ਚ ਜੱਗਾ ਸਿੰਘ, ਜੋਰਾ ਸਿੰਘ, ਗੁਰਮੇਲ ਸਿੰਘ, ਕਰਨੈਲ ਸਿੰਘ, ਦਰਬਾਰਾ ਸਿੰਘ, ਚਮਕੌਰ ਸਿੰਘ, ਮੁਨਸ਼ੀ ਸਿੰਘ ਵੱਲੋਂ ਭੀਮ ਰਾਓ ਅੰਬੇਡਕਰ ਕਲੱਬ ਦੇ ਸਮਾਜ ਜਗਾਓ ਤੇ ਸੰਵਿਧਾਨ ਬਚਾਓ ਦੇ ਨਾਅਰੇ ਨੂੰ ਲਾਮਬੰਦ ਕਰ ਕੇ ਰੋਸ ਪ੍ਰਗਟ ਕੀਤਾ ਗਿਅਾ।

 


Related News