ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Friday, Mar 09, 2018 - 03:17 AM (IST)
ਹੁਸ਼ਿਆਰਪੁਰ, (ਘੁੰਮਣ)- ਇੰਟਕ ਦੋਆਬਾ ਜ਼ੋਨ ਦੇ ਪ੍ਰਧਾਨ ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਰਮਵੀਰ ਬਾਲੀ ਨੇ ਕਿਹਾ ਕਿ ਦੇਸ਼ ਵਿਚ ਜੋ ਵੀ ਬੁੱਤ ਲੱਗਾ ਹੋਇਆ ਹੈ, ਉਹ ਬੁੱਤ ਨਹੀਂ ਇਕ ਵਿਚਾਰਧਾਰਾ ਹੈ, ਜਿਸ ਨੂੰ ਲੋਕ ਪੂਜਦੇ ਹਨ। ਲੋਕਤੰਤਰ 'ਚ ਵਿਚਾਰਧਾਰਾ ਨੂੰ ਕਿਸੇ 'ਤੇ ਥੋਪਿਆ ਨਹੀਂ ਜਾ ਸਕਦਾ, ਜਿਸ ਦਾ ਯਤਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ। ਸੁਖਰਾਮ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਹਨ ਕਿ ਮੂਰਤੀ ਦਾ ਭਾਰਤ 'ਚ ਕੀ ਕੰਮ ਹੈ ਤਾਂ ਇਸਦਾ ਜਵਾਬ ਮੂਰਤੀ ਨਹੀਂ ਬਲਕਿ ਇਕ ਵਿਚਾਰਧਾਰਾ ਦਾ ਲੋਕ ਸਨਮਾਨ ਕਰਦੇ ਹਨ, ਜਿਸ ਤਰ੍ਹਾਂ ਲੋਕਤੰਤਰਿਕ ਕਾਰਵਾਈ 'ਤੇ ਜਦੋਂ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਮੂਰਤੀ ਨੂੰ ਤੋੜਿਆ ਗਿਆ ਤਾਂ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨੀਂਦ ਖੁੱਲ੍ਹੀ ਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦੇਣਾ ਪਿਆ। ਦੇਸ਼ ਨੂੰ ਅੱਗ 'ਚ ਸੁੱਟ ਕੇ ਹੁਣ ਪਾਣੀ ਦੀਆਂ ਬੌਛਾਰਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ 'ਚ ਮੂਰਤੀਆਂ ਨੂੰ ਤੋੜਿਆ ਨਹੀਂ ਗਿਆ, ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਲੋਕਤੰਤਰਿਕ ਦੇਸ਼ 'ਚ ਤਾਨਾਸ਼ਾਹੀ ਤੰਤਰ ਬੰਦ ਕਰਨਾ ਚਾਹੀਦਾ ਹੈ।
ਇਸ ਮੌਕੇ ਇੰਟਕ ਦੇ ਕੁਲਦੀਪ ਕੁਮਾਰ, ਨਰੇਸ਼ ਕੁਮਾਰੀ, ਮਹਿੰਦਰ ਸਿੰਘ, ਦੌਲਤ ਰਾਮ, ਪ੍ਰਦੀਪ ਕੁਮਾਰ, ਦੀਪ ਕੁਮਾਰ, ਵਿਪਨ ਕੁਮਾਰ ਆਦਿ ਹਾਜ਼ਰ ਸਨ।
