ਕਾਲਜ ਅਧਿਆਪਕਾਂ ਵੱਲੋਂ ਧਰਨੇ ਤੇ ਨਾਅਰੇਬਾਜ਼ੀ

Wednesday, Feb 28, 2018 - 11:59 PM (IST)

ਕਾਲਜ ਅਧਿਆਪਕਾਂ ਵੱਲੋਂ ਧਰਨੇ ਤੇ ਨਾਅਰੇਬਾਜ਼ੀ

ਹੁਸ਼ਿਆਰਪੁਰ, (ਘੁੰਮਣ)- ਸਰਕਾਰ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਖਫ਼ਾ ਕਾਲਜ ਅਧਿਆਪਕਾਂ ਨੇ ਅੱਜ ਇਥੇ ਡੀ.ਏ.ਵੀ. ਕਾਲਜ 'ਚ ਧਰਨਾ ਦੇ ਕੇ ਖੂਬ ਨਾਅਰੇਬਾਜ਼ੀ ਕੀਤੀ। 
ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਯੂਨਿਟ ਸਕੱਤਰ ਪ੍ਰੋ. ਜੁਗਲ ਕਿਸ਼ੋਰ ਦੀ ਅਗਵਾਈ 'ਚ ਦਿੱਤੇ ਧਰਨੇ 'ਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਸ਼ਾਮਲ ਹੋਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋ. ਜੁਗਲ ਕਿਸ਼ੋਰ, ਪ੍ਰੋ. ਪੂਜਾ ਵਸ਼ਿਸ਼ਟ, ਪ੍ਰੋ. ਸੰਜੀਵ ਘਈ ਅਤੇ ਡਾ. ਕੁਲਵੰਤ ਰਾਣਾ ਨੇ ਕਿਹਾ ਕਿ ਸਰਕਾਰ ਗੈਰ-ਸਹਾਇਤਾ ਪ੍ਰਾਪਤ ਕਾਲਜਾਂ ਨਾਲ ਮਤਰੇਆ ਵਤੀਰਾ ਕਰ ਰਹੀ ਹੈ।
ਆਗੂਆਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ ਉਹ ਪ੍ਰੀਖਿਆਵਾਂ ਦਾ ਬਾਈਕਾਟ ਕਰਨਗੇ। ਜੇਕਰ ਸਰਕਾਰ ਉਨ੍ਹਾਂ ਨੂੰ ਅਣਡਿੱਠ ਕਰਦੀ ਹੈ ਤਾਂ ਪੰਚਾਇਤੀ ਚੋਣਾਂ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਕਾਲਜ ਅਧਿਆਪਕ ਸੰਘਰਸ਼ ਤੇਜ਼ ਕਰ ਕੇ ਵਿਰੋਧ ਜਤਾਉਣਗੇ। ਇਸ ਮੌਕੇ ਡਾ. ਰੂਪਾਸ਼ੀ ਬੱਗਾ, ਪ੍ਰੋ. ਟਰੇਸੀ ਕੋਹਲੀ, ਡਾ. ਨੀਰੂ ਮਹਿਤਾ, ਪ੍ਰੋ. ਵੀਨਾ ਭਾਰਦਵਾਜ, ਪ੍ਰੋ. ਪ੍ਰਵੀਨ ਗੁਪਤਾ, ਡਾ. ਨਿਸ਼ਾ, ਪ੍ਰੋ. ਕਮਲਜੀਤ ਕੌਰ, ਪ੍ਰੋ. ਅਨੀਤਾ ਵਾਲੀਆ, ਪ੍ਰੋ. ਨੀਲਮ ਕਲਸੀ, ਪ੍ਰੋ. ਗੁਰਵਿੰਦਰ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਰਾਜੀਵ, ਪ੍ਰੋ. ਜਗਦੀਸ਼ ਰਾਜ, ਪ੍ਰੋ. ਸੰਜੀਵ ਵਰਮਾ, ਡਾ. ਵਰਸ਼ਾ ਮਹਿੰਦਰਾ, ਪ੍ਰੋ. ਚੰਦਰ ਕਾਂਤਾ ਆਦਿ ਨੇ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ।
ਕੀ ਹਨ ਮੰਗਾਂ : ਗ੍ਰਾਂਟ ਸਮੇਂ 'ਤੇ ਜਾਰੀ ਕੀਤੀ ਜਾਵੇ, ਯੂ.ਜੀ. ਸੀ. ਦੇ ਨਿਰਦੇਸ਼ਾਂ 'ਤੇ 7ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਬਿਨਾਂ ਦੇਰੀ ਨਿਯਮਿਤ ਕਰਨਾ, ਦਸਤਾਵੇਜ਼ ਤਸਦੀਕ ਕਰਨ ਦੇ ਅਧਿਕਾਰ ਦੇਣਾ, ਅਸਥਾਈ ਅਹੁਦਿਆਂ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਰਵਿਸ ਐਕਟ 'ਚ ਲਿਆਂਦਾ ਜਾਵੇ ਅਤੇ ਰਿਫਰੈਸ਼ਰ ਕੋਰਸਾਂ ਦੀ ਸਮਾਂ-ਹੱਦ 'ਚ ਛੋਟ ਦਿੱਤੀ ਜਾਵੇ।
ਹਰਿਆਣਾ, (ਆਨੰਦ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਅੱਜ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਦੀ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਇਕਾਈ ਵੱਲੋਂ ਕਾਲਜ ਦੇ ਪ੍ਰਿੰਸੀਪਲ ਦੇ ਦਫਤਰ ਅੱਗੇ ਕਾਲੇ ਬਿੱਲੇ ਲਾ ਕੇ ਤੇ ਕਾਲੀਆਂ ਝੰਡੀਆਂ ਲਹਿਰਾ ਕੇ ਧਰਨਾ ਦਿੱਤਾ ਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਮਾੜੇ ਵਤੀਰੇ ਵਿਰੁਧ ਜਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਲਜ ਪ੍ਰਧਾਨ ਪੀ. ਸੀ. ਟੀ. ਯੂ. ਡਾ. ਜਸਪਾਲ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦਾ ਰਵੱਈਆ ਸਿੱਖਿਆ ਦੇ ਪ੍ਰਤੀ ਨਕਾਰਤਮਕ ਹੈ, ਜਿਸ ਕਾਰਨ ਸਾਨੂੰ ਕਲਾਸਾਂ ਛੱਡ ਕੇ ਰੋਸ ਧਰਨੇ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਸਰਕਾਰ ਕਾਲਜਾਂ ਨੂੰ ਰੈਗੂਲਰ ਗ੍ਰਾਂਟ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਕਾਲਜਾਂ ਵਿਚ ਵਿੱਤੀ ਸੰਕਟ ਪੈਦਾ ਹੋ ਗਿਆ ਹੈ।  ਇਸ ਮੌਕੇ ਕਾਲਜ ਯੂਨੀਅਨ ਦੇ ਸੈਕਟਰੀ ਡਾ. ਰਾਜੀਵ ਕੁਮਾਰ ਨੇ ਸੱਤਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗੀ ਕੀਤੀ ਅਤੇ ਇਹ ਵੀ ਕਿਹਾ ਕਿ ਯੂ.ਜੀ.ਸੀ. ਵੱਲੋਂ ਨਵੇਂ ਗਰੇਡ ਲਾਗੂ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਉਸ ਨੂੰ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਸਕੇਲ ਲਾਗੂ ਕਰਨ ਬਾਰੇ ਕੋਈ ਤੈਅ ਸਮਾਂ ਦੱਸਿਆ ਜਾ ਰਿਹਾ।
ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰੋ. ਸੁਰੇਸ਼ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਸਮੁੱਚੇ ਸਿੱਖਿਆ ਪ੍ਰਬੰਧ ਨੂੰ ਢਾਹ ਲਾਉਣ ਵਿਚ ਲੱਗੀਆਂ ਹੋਈਆਂ ਹਨ। ਪੰਜਾਬ ਸਰਕਾਰ ਏਡਿਡ ਕਾਲਜ ਦੇ ਅਧਿਅਪਕਾਂ ਦੀ ਬਰਾਬਤਾ ਸਰਕਾਰੀ ਕਾਲਜਾਂ ਦੇ ਬਰਾਬਰ ਨਹੀਂ ਕਰ ਰਹੀ ਤੇ ਨਵੇਂ ਕੰਟਰੈਕਟ 'ਤੇ ਰੱਖੇ ਅਧਿਆਪਕਾਂ ਨੂੰ ਸਮਾਂ ਬੀਤਣ 'ਤੇ ਵੀ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਇਸ ਬਾਰੇ ਕੋਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਲਈ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਅੰਦੋਲਨ ਛੇੜਨ ਦਾ ਐਲਾਨ ਕਰ ਚੁੱਕੀ ਹੈ। ਇਸ ਤਹਿਤ ਇਹ ਧਰਨੇ ਲਾਏ ਜਾ ਰਹੇ ਹਨ। ਇਸ ਮੌਕੇ ਡਾ. ਜਸਵੰਤ ਸਿੰਘ ਫਾਇਨਾਂਸ ਸਕੱਤਰ, ਪ੍ਰੋ. ਮਨੋਹਰ ਲਾਲ, ਡਾ. ਹਰਵਿੰਦਰ ਕੌਰ, ਡਾ. ਜਸਪਾਲ ਸਿੰਘ (ਅੰਗਰੇਜ਼ੀ), ਡਾ. ਨੀਰਜ ਸੰਘਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
ਗੜ੍ਹਦੀਵਾਲਾ, (ਜਤਿੰਦਰ)-ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਸੱਦੇ 'ਤੇ ਕਾਲਜ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਂਪਸ ਰੈਲੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਦਿਆਰਥੀ ਵੀ ਸ਼ਾਮਲ ਹੋਏ। ਪੀ. ਸੀ. ਸੀ. ਟੀ. ਯੂ. ਦੇ ਏਰੀਆ ਸਕੱਤਰ ਪ੍ਰੋ. ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਸਤੰਬਰ 2017 ਤੋਂ ਬਾਅਦ ਸਰਕਾਰ ਨੇ ਕਾਲਜਾਂ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ, ਜਿਸ ਕਾਰਨ ਕਾਲਜ ਅਧਿਆਪਕਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਉਹ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਵਿੱਤੀ ਪ੍ਰਬੰਧ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਸਰਕਾਰ ਨੂੰ ਗ੍ਰਾਂਟ-ਇਨ-ਏਡ ਸਕੀਮ ਅਧੀਨ ਠੇਕੇ 'ਤੇ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਦੇਣੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਸਰਵਿਸ ਤੁਰੰਤ ਰੈਗੂਲਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 2007 ਵਿਚ ਅਣ-ਏਡਿਡ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਰਵਿਸ ਆਫ ਸਕਿਓਰਿਟੀ ਐਕਟ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ, ਨੂੰ ਮੁੜ ਐਕਟ ਤੇ ਗ੍ਰਾਂਟ-ਇਨ-ਏਡ ਸਕੀਮ ਵਿਚ ਸ਼ਾਮਲ ਕੀਤਾ ਜਾਵੇ ਅਤੇ ਰਿਫਰੈੱਸ਼ਰ ਕੋਰਸਾਂ ਸਬੰਧੀ ਯੂ. ਜੀ. ਸੀ. ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ 'ਤੇ 5 ਮਾਰਚ ਤੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਜਾ ਸਕਦੀ ਹੈ। 
ਇਸ ਮੌਕੇ ਪ੍ਰੋ. ਕੇਵਲ ਸਿੰਘ, ਪ੍ਰੋ. ਮਲਕੀਤ ਸਿੰਘ, ਪ੍ਰੋ. ਦਿਲਬਾਰਾ ਸਿੰਘ, ਪ੍ਰੋ. ਦਵਿੰਦਰ ਸੰਦਲ, ਪ੍ਰੋ. ਦਵਿੰਦਰ ਕੁਮਾਰ, ਪ੍ਰੋ. ਸਤਵੰਤ ਕੌਰ, ਪ੍ਰੋ. ਗੁਰਪਿੰਦਰ ਸਿੰਘ ਆਦਿ ਸਮੇਤ ਕਾਲਜ ਵਿਦਿਆਰਥੀ ਹਾਜ਼ਰ ਸਨ।


Related News