3 ਆਰਡੀਨੈਂਸਾਂ ਦੇ ਵਿਰੋਧ ’ਚ ਆੜਤੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ
Monday, Sep 21, 2020 - 05:13 PM (IST)
ਭਵਾਨੀਗੜ੍ਹ (ਕਾਂਸਲ) ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਲਾਗੂ ਕੀਤੇ ਗਏ 3 ਆਰਡੀਨੈਂਸਾਂ ਦੇ ਵਿਰੋਧ ’ਚ ਅੱਜ ਸਥਾਨਕ ਆੜਤੀਆਂ ਐਸੋਸੀਏਸ਼ਨ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਸੁੱਖੀ ਕਪਿਆਲ ਦੀ ਅਗਵਾਈ ਹੇਠ ਸਥਾਨਕ ਅਨਾਜ਼ ਮੰਡੀ ਵਿਖੇ ਕੀਤੀ ਗਈ ਰੋਸ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ’ਚ ਆੜਤੀਆਂ ਐਸੋ: ਦੇ ਪ੍ਰਧਾਨ ਸੁਖਬੀਰ ਸਿੰਘ ਸੁੱਖੀ ਕਪਿਆਲ, ਰਣਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਪ੍ਰਦੀਪ ਕੱਦ ਅਤੇ ਹਰੀ ਸਿੰਘ ਫੱਗੂਵਾਲਾ ਚੇਅਰਮੈਨ ਅਤੇ ਉਪ ਚੇਅਰਮੈਨ ਮਾਰਕਿਟ ਕਮੇਟੀ, ਮੰਗਤ ਸ਼ਰਮਾਂ, ਮਹੇਸ਼ ਕੁਮਾਰ ਵਰਮਾ, ਤਰਸੇਮ ਤੂਰ, ਟਵਿੰਕਲ ਗੋਇਲ, ਸੰਜੂ ਵਰਮਾ ਸਮੇਤ ਹੋਰ ਆੜਤੀਆਂ ਅਤੇ ਮੁਨੀਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਆਰਡੀਨੈਂਸ ਲੋਕ ਮਾਰੂ, ਕਿਸਾਨ ਮਾਰੂ ਅਤੇ ਆੜਤੀਆਂ ਮਾਰੂ ਹਨ ਜਿਸ ਕਰਕੇ ਅੱਜ ਪੂਰੇ ਹਿੰਦੋਸਤਾਨ ’ਚ ਹਾਹਾਕਾਰ ਮੱਚੀ ਹੋਈ ਹੈ। ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ’ਚ ਕਿਸਾਨਾਂ ਅਤੇ ਹਰ ਵਰਗ ਵੱਲੋਂ ਵੱਡੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਹ ਆਰਡੀਨੈਂਸ ਲਿਆ ਕੇ ਸਭ ਨੂੰ ਬਰਬਾਦੀ ਵਾਲੇ ਰਸਤੇ ਉਪਰ ਲਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਹਿੰਦੋਸਤਾਨ ਦਾ ਪੂਰਾ ਸਿਸਟਮ ਕਿਸਾਨੀ ਨਾਲ ਹੀ ਚਲਦਾ ਹੈ ਜੇਕਰ ਕਿਸਾਨੀ ਹੀ ਖ਼ਤਮ ਹੋ ਜਾਵੇਗੀ ਤਾਂ ਪੂਰਾ ਸਿਸਟਮ ਹੀ ਖ਼ਤਮ ਹੋ ਜਾਵੇਗਾ ਅਤੇ ਕਿਸਾਨਾਂ ਦੇ ਨਾਲ-ਨਾਲ ਵਪਾਰੀ ਅਤੇ ਆੜਤੀਆਂ ਵਰਗ ਵੀ ਸੜਕਾਂ ਉਪਰ ਆ ਜਾਵੇਗਾ।
ਇਹ ਵੀ ਪੜ੍ਹੋ : ਨਿਯਮਾਂ ਨੂੰ ਤਾਕ ’ਤੇ ਰੱਖ ਕੇ ਲਾਈਆਂ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ-19 ਦੇ ਸਬੰਧ ’ਚ ਡਿਊਟੀਆਂ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਉਦੇਸ਼ ਸਾਡੀਆਂ ਉਪਜਾਊ ਜ਼ਮੀਨਾਂ ਉਪਰ ਵਿਦੇਸ਼ੀ ਕੰਪਨੀਆਂ ਅਤੇ ਸਾਡੇ ਹੀ ਦੇਸ਼ ਦੇ ਵੱਡੇ ਪੰਜ਼ੂੀਪਤੀ ਘਰਾਣਿਆ ਦਾ ਕਬਜਾ ਕਰਵਾਉਣਾ ਹੈ। ਜਿਥੇ ਫਿਰ ਸਾਨੂੰ ਆਪਣੇ ਹੀ ਖੇਤਾਂ ’ਚ ਨੌਕਰੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਦੋਂ ਤੋਂ ਦੇਸ਼ ’ਚ ਆਈ ਹੈ ਉਦੋਂ ਤੋਂ ਹੀ ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟ ਬੰਦੀ ਅਤੇ ਫਿਰ ਜੀ. ਐੱਸ. ਟੀ. ਵਰਗੇ ਲਏ ਗਏ ਗਲਤ ਫੈਸਲਿਆਂ ਨਾਲ ਸਾਡੀ ਵਿਕਾਸ ਦਰ ਜੋ ਕਿ ਕਿਸੇ ਸਮੇਂ 6-7 ਫੀਸਦੀ ਉਪਰ ਹੁੰਦੀ ਸੀ ਅੱਜ 27 ਫੀਸ਼ਦੀ ਹੇਠਾ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਆੜਤੀਆਂ ਅਤੇ ਕਿਸਾਨ ਦਾ ਨੌਂਹ ਮਾਸ ਦਾ ਰਿਸ਼ਤਾ ਹੈ। ਇਸ ਲਈ ਆੜਤੀਆਂ ਵੱਲੋਂ 25 ਸਤੰਬਰ ਨੂੰ ਮੁਕੰਮਲ ਬੰਦ ਰੱਖਣ ਦੇ ਨਾਲ ਨਾਲ ਇਨ੍ਹਾਂ ਅਰਡੀਨੈਂਸਾਂ ਦੇ ਖ਼ਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸਾਨਾਂ ਦਾ ਇਸ ’ਚ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਇਹ ਕਿਸਾਨ ਅਤੇ ਪੰਜਾਬ ਵਿਰੋਧੀ ਆਰਡੀਨੈਂਸ ਵਾਪਿਸ ਨਹੀਂ ਲੈ ਲੈਂਦੀ ਸਾਡਾ ਸੰਘਰਸ਼ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇਸ ਮੌਕੇ ਆੜਤੀਆਂ ਨੇ ਨਰਿੰਦਰ ਮੋਦੀ ਕਿਸਾਨ ਵਿਰੋਧੀ, ਨਰਿੰਦਰ ਮੋਦੀ ਪੰਜਾਬ ਵਿਰੋਧੀ ਦੇ ਨਾਅਰੇ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਬਾਹਰੀ ਰਾਜਾਂ ’ਚ ਆਏ ਹੜ੍ਹ ਨੇ ਕਈ ਸਬਜ਼ੀਆਂ ਦੀਆਂ ਕੀਮਤਾਂ ਨੂੰ ਲਾਈ ਅੱਗ