ਮੰਡੀ ਠੇਕੇਦਾਰਾਂ ਵਿਰੁੱਧ ਪਸ਼ੂ ਪਾਲਕਾਂ ਵੱਲੋਂ ਪ੍ਰਦਰਸ਼ਨ

Thursday, Aug 03, 2017 - 07:55 AM (IST)

ਮੰਡੀ ਠੇਕੇਦਾਰਾਂ ਵਿਰੁੱਧ ਪਸ਼ੂ ਪਾਲਕਾਂ ਵੱਲੋਂ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ  (ਪਵਨ) - ਪਸ਼ੂ ਮੰਡੀ ਠੇਕੇਦਾਰਾਂ ਵੱਲੋਂ ਸੜਕਾਂ 'ਤੇ ਨਾਕੇ ਲਾ ਕੇ ਪਸ਼ੂਆਂ ਦੀ ਖਰੀਦੋ-ਫਰੋਖਤ ਦੌਰਾਨ ਪਸ਼ੂ ਪਾਲਕਾਂ ਦੀਆਂ ਕੱਟੀਆਂ ਜਾ ਰਹੀਆਂ ਪਰਚੀਆਂ ਸਬੰਧੀ ਪੂਰੇ ਪੰਜਾਬ ਵਿਚ ਪਸ਼ੂ ਪਾਲਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪਸ਼ੂ ਪਾਲਕ ਤੇ ਛੋਟੇ ਕਿਸਾਨ ਇਕੱਤਰ ਹੋਏ। ਇਸ ਮੌਕੇ ਉਨ੍ਹਾਂ ਨੇ ਦੋਸ਼ ਲਾਇਆ ਕਿ ਪਸ਼ੂ ਮੰਡੀ ਠੇਕੇਦਾਰਾਂ ਵੱਲੋਂ ਉਨ੍ਹਾਂ ਨੂੰ ਜਾਣ ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਤੇ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਵਿੱਢਣਗੇ।
ਇਸ ਦੌਰਾਨ ਪ੍ਰਧਾਨ ਰਾਜੀਵ ਕੁਮਾਰ ਰਾਜੂ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਮੰਡੀ ਠੇਕੇਦਾਰਾਂ ਵੱਲੋਂ ਮੰਡੀ ਵਿਚ 4 ਫੀਸਦੀ ਫੀਸ ਹੀ ਪਸ਼ੂ ਦੀ ਖਰੀਦੋ-ਫਰੋਖਤ 'ਤੇ ਵਸੂਲੀ ਜਾ ਸਕਦੀ ਹੈ ਪਰ ਇਨ੍ਹਾਂ ਵੱਲੋਂ ਇਹ 8 ਫੀਸਦੀ ਫੀਸ ਵਸੂਲੀ ਜਾ ਰਹੀ ਹੈ। ਇਸ ਤੋਂ ਇਲਾਵਾ ਪਸ਼ੂ ਮੰਡੀ ਤੋਂ ਬਿਨਾਂ ਸੂਬੇ ਨਾਲ ਲੱਗਦੇ ਰਾਜਾਂ ਵਿਚ ਗੈਰਕਾਨੂੰਨੀ ਤੌਰ 'ਤੇ ਨਾਕੇ ਲਾ ਕੇ ਪਸ਼ੂਆਂ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ, ਜਿਨ੍ਹਾਂ ਸਬੰਧੀ ਮਾਣਯੋਗ ਹਾਈਕੋਰਟ ਵਿਚੋਂ ਵੀ ਸਟੇਅ ਪ੍ਰਾਪਤ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਉਸੇ ਤਰ੍ਹਾਂ ਪਰਚੀ ਕੱਟੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਪਰਚੀ ਸਬੰਧੀ ਕਈ ਵਾਰ ਟਕਰਾਅ ਦੀ ਸਥਿਤੀ ਵੀ
ਠੇਕੇਦਾਰਾਂ ਨਾਲ ਬਣ ਚੁੱਕੀ ਹੈ।
ਮਾਮਲੇ ਸਬੰਧੀ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਵੀ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਪਸ਼ੂ ਮੰਡੀ ਠੇਕੇਦਾਰਾਂ ਵੱਲੋਂ ਇਹ ਪਰਚੀ ਸਿਸਟਮ ਉਸੇ ਤਰ੍ਹਾਂ ਹੀ ਜਾਰੀ ਹੈ। ਇਸ ਸਮੇਂ ਇਕੱਤਰ ਹੋਏ ਪਸ਼ੂ ਪਾਲਕਾਂ ਨੇ ਠੇਕੇਦਾਰਾਂ ਵੱਲੋਂ ਜਬਰੀ ਕੱਟੀਆਂ ਪਰਚੀਆਂ ਵੀ ਵਿਖਾਈਆਂ ਤੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਉਪਰੰਤ ਇਨ੍ਹਾਂ ਪਸ਼ੂ ਪਾਲਕਾਂ ਨੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਤੇ ਇਨਸਾਫ਼ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਅਧਿਕਾਰੀ
ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਤੱਕ ਇਹ ਮੰਗ ਪੱਤਰ ਪਹੁੰਚਾ ਦੇਣਗੇ ਤੇ ਜੋ ਸਬੂਤ ਨਾਜਾਇਜ਼ ਪਰਚੀਆਂ ਕੱਟਣ ਸਬੰਧੀ ਪਸ਼ੂ ਪਾਲਕਾਂ ਵੱਲੋਂ ਸੌਂਪੇ ਗਏ ਹਨ, ਉਹ ਸਾਰੇ ਵੀ ਉੱਚ ਅਧਿਕਾਰੀਆਂ ਤੱਕ ਪੁੱਜਦੇ ਕਰ ਦਿੱਤੇ ਜਾਣਗੇ। ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।


Related News