ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰਨ ਦੇ ਰੋਸ ਵਜੋਂ ‘ਆਪ’ ਨੇ ਫੂਕਿਆ ਕੈਪਟਨ ਦਾ ਪੁਤਲਾ

Tuesday, Sep 07, 2021 - 04:04 PM (IST)

ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰਨ ਦੇ ਰੋਸ ਵਜੋਂ ‘ਆਪ’ ਨੇ ਫੂਕਿਆ ਕੈਪਟਨ ਦਾ ਪੁਤਲਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ) : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਫਿਰ ਇੱਕ ਵਾਰ ਪੰਜਾਬੀਆਂ ਨੂੰ ਧੋਖਾ ਦਿੰਦੇ ਹੋਏ ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰਨ ਦੇ ਰੋਸ ਵੱਜੋਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ਸਥਾਨਕ ਘਾਹ ਮੰਡੀ ਚੌਂਕ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਹਲਕਾ ਇੰਚਾਰਜ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਗ੍ਰਹਿ ਵਿਖੇ ਭਰਵਾਂ ਇਕੱਠ ਕਰਨ ਤੋਂ ਬਾਅਦ ਮੇਨ ਬਾਜ਼ਾਰ ’ਚੋਂ ਰੋਸ ਮਾਰਚ ਵੀ ਕੱਢਿਆ ਗਿਆ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਇੰਚਾਰਜ ਜਗਦੀਪ ਸਿੰਘ ‘ਕਾਕਾ ਬਰਾੜ’, ਹਲਕਾ ਇੰਚਾਰਜ ਗੁਰਮੀਤ ਸਿੰਘ ਖੁੱਡੀਆ, ਲੋਕ ਸਭਾ ਫਿਰੋਜ਼ਪੁਰ ਦੇ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ ਅਤੇ ਪ੍ਰਿਤਪਾਲ ਸ਼ਰਮਾ ਨੇ ਆਖਿਆ ਕਿ ਕੈਪਟਨ ਨੇ ਆਪਣੇ 2017 ਦੇ ਮੈਨੀਫੈਸਟੋ ’ਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਦੇ ਸਮਝੌਤੇ ਰੱਦ ਕੀਤੇ ਜਾਣਗੇ। ਅੱਜ ਸਾਢੇ ਚਾਰ ਸਾਲ ਹੋ ਗਏ ਪਰ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਕਰਕੇ ਸੂਬਾ ਕਰਜਾਈ ਹੁੰਦਾ ਜਾ ਰਿਹਾ। ਲੋਕਾਂ ’ਤੇ ਆਰਥਿਕ ਬੋਝ ਵੱਧ ਰਿਹਾ ਹੈ। ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਬਹਾਨੇ ਬਣਾ ਕੇ ਬਾਦਲਾਂ ਵਲੋਂ ਗਲਤ ਢੰਗ ਨਾਲ ਕੀਤੇ ਇਹ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਤੋਂ ਆਈਆਂ ਵੋਟਿੰਗ ਮਸ਼ੀਨਾਂ

PunjabKesari

ਜਦਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਜਿਨ੍ਹਾਂ ਨਾਲ ਸਮਝੌਤੇ ਕੀਤੇ ਗਏ ਹਨ, ਬਿਜਲੀ ਦੀ ਤੰਗੀ ਦੇ ਸੀਜ਼ਨ ’ਚ ਕਦੇ ਵੀ ਸਹੀ ਢੰਗ ਨਾਲ ਬਿਜਲੀ ਮੁਹੱਈਆ ਨਹੀਂ ਕਰਵਾ ਰਹੇ ਹਨ। ਹਲਕਾ ਇੰਚਾਰਜ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਸਮਝੌਤਿਆਂ ਬਾਰੇ ਸ਼ੰਕੇ ਪੈਦਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਹ ਵਾਰ ਵਾਰ ਨਵੇਂ ਸ਼ੰਕੇ ਪੈਦਾ ਕਰਕੇ ਇਨ੍ਹਾਂ ਗ਼ਲਤ ਬਿਜਲੀ ਸਮਝੌਤਿਆਂ ’ਚ ਬਾਦਲਾਂ ਦਾ ਬਚਾਅ ਕਰ ਰਹੇ ਹਨ। ਕੈਪਟਨ ਅਮਰਿੰਦਰ ਦੇ ਖੁਦ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਸਰਕਾਰ ਪਹਿਲਾਂ ਹੀ ਬਹੁਤ ਸਮਾਂ ਖ਼ਰਾਬ ਕਰ ਚੁੱਕੀ ਹੈ ਅਤੇ ਜੇਕਰ ਹੁਣ ਇਸ ਮੁੱਦੇ ’ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਕੁਝ ਵੀ ਨਹੀਂ ਬਚੇਗਾ। ਆਗੂਆਂ ਨੇ ਕਿਹਾ ਕਿ 3 ਬਿਜਲੀ ਸਮਝੌਤੇ ਜੋ ਬਾਦਲਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਕੀਤੇ ਸਨ ਅਤੇ ਜਿਸ ਨਾਲ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਆਂਦੇ ਪ੍ਰਾਈਵੇਟ ਮੈਂਬਰ ਬਿਲ ਨੂੰ ਨਜ਼ਰਅੰਦਾਜ ਕਰਨ ਦੇ ਲਈ ਇਕ ਦਿਨ ਦਾ ਹੀ ਸੈਸ਼ਨ ਬੁਲਾਇਆ। ਆਗੂਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹ ਸਮਝੌਤੇ ਰੱਦ ਕੀਤੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਲੁਬਾਣਿਆਂਵਾਲੀ, ਕੌਂਸਲਰ ਜਗਮੀਤ ਸਿੰਘ ਜੱਗਾ, ਜੈਚੰਦ ਭੰਡਾਰੀ, ਰਵੀ ਕੁਮਾਰ, ਜਗਦੀਸ਼ ਕੁਮਾਰ, ਅਰਸ਼ ਬਰਾੜ ਜੱਸੇਆਣਾ ਜੁਆਇੰਟ ਸੈਕਟਰੀ ਯੂਥ, ਡਾ. ਕਾਲਾ, ਇਕਬਾਲ ਸਿੰਘ ਖਿੜਕੀਆਂਵਾਲਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਜੂ, ਬਲਾਕ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਆਦਿ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।  

ਇਹ ਵੀ ਪੜ੍ਹੋ : ਅਕਾਲੀ ਦਲ ਬਾਦਲ ਤੇ ਕਾਂਗਰਸ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕਰ ਰਹੀਆਂ ਹਨ ਕੋਸ਼ਿਸ਼ : ਢੀਂਡਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News