ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਪੀੜਤਾਂ ਦਾ ਧਰਨਾ ਦਸਵੇਂ ਦਿਨ ਵੀ ਜਾਰੀ, ਸੋਸਾਇਟੀ ਦੇ ਕੰਮਕਾਜ ਠੱਪ

Wednesday, Apr 04, 2018 - 03:49 AM (IST)

ਨਥਾਣਾ(ਬੱਜੋਆਣੀਆਂ)-ਪਿੰਡ ਪੂਹਲੀ ਦੀ ਸਹਿਕਾਰੀ ਸਭਾ ਵਿਚ ਪਿਛਲੇ ਵਰ੍ਹੇ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲੇ ਤੋਂ ਪੀੜਤ ਲੋਕਾਂ ਨੇ ਆਪਣੀਆਂ ਅਮਾਨਤਾਂ ਦੀਆਂ ਰਕਮਾਂ ਵਾਪਸ ਲੈਣ ਲਈ ਸਹਿਕਾਰੀ ਸਭਾ ਦੇ ਗੇਟ ਅੱਗੇ ਅਣਮਿੱਥੇ ਸਮੇਂ ਲਈ ਦਰਵਾਜ਼ੇ ਨੂੰ ਤਾਲਾ ਮਾਰ ਕੇ ਧਰਨਾ ਲਾ ਦਿੱਤਾ ਹੈ। ਇਹ ਧਰਨਾ ਦਸਵੇਂ ਦਿਨ ਵੀ ਜਾਰੀ ਹੈ, ਇਸ ਨਾਲ ਜਿਥੇ ਸੋਸਾਇਟੀ ਦੇ ਕੰਮਕਾਜ ਠੱਪ ਹਨ, ਉਥੇ ਹੀ ਕਰਮਚਾਰੀਆਂ ਨੂੰ ਵੀ ਇਮਾਰਤ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਕੋਈ ਵੀ ਉਚ ਅਧਿਕਾਰੀ ਧਰਨਾਕਾਰੀਆਂ ਦੀ ਮੁਸ਼ਕਲ ਪੁੱਛਣ ਸਬੰਧੀ ਨਹੀਂ ਪੁੱਜਾ। ਸਭ ਤੋਂ ਜ਼ਿਆਦਾ ਰਾਸ਼ੀ ਦੀ ਠੱਗੀ ਖਾਣ ਵਾਲੀ ਔਰਤ ਨੇ ਆਤਮਦਾਹ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਪਰਮਜੀਤ ਸਿੰਘ ਖਾਲਸਾ, ਨਛੱਤਰ ਕੌਰ ਜ਼ੈਲਦਾਰ, ਜਸਵੰਤ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਰਮਨਦੀਪ ਸਿੰਘ, ਮੇਜਰ ਸਿੰਘ ਤੇ ਹੋਰ ਦਰਜਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਸਭਾ ਦੇ ਸਕੱਤਰ ਨੇ ਲੋਕਾਂ ਦੀਆਂ ਐੱਫ. ਡੀਜ਼ ਅਤੇ ਹੋਰ ਜਮ੍ਹਾ ਕਰਵਾਈ ਕਰੋੜਾਂ ਦੀ ਬਚਤ ਦੀ ਰਕਮ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਦੌਰਾਨ ਸਹਿਕਾਰੀ ਵਿਭਾਗ ਨੇ ਸਕੱਤਰ ਦੀ ਮਾਲਕੀ ਵਾਲੀ ਜ਼ਮੀਨ ਦੀ ਨੀਲਾਮੀ ਕੀਤੀ ਸੀ, ਜਿਸ ਤੋਂ ਪ੍ਰਾਪਤ ਹੋਈ ਰਕਮ ਲਗਭਗ 58 ਲੱਖ 59 ਹਜ਼ਾਰ ਰੁਪਏ ਸਹਿਕਾਰੀ ਬੈਂਕ ਵਿਚ ਪਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਰਕਮ ਠੱਗੀ ਦਾ ਸ਼ਿਕਾਰ ਹੋਏ ਲੋਕਾਂ 'ਚ ਵੰਡੀ ਜਾਣੀ ਸੀ ਪਰ ਸਹਿਕਾਰੀ ਵਿਭਾਗ ਦੇ ਉਚ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਥਾਂ ਇਹ ਰਕਮ ਬੈਂਕ 'ਚ ਜਮ੍ਹਾ ਕਰਵਾ ਦਿੱਤੀ। ਜਿਸ ਦੇ ਰੋਸ ਵਜੋਂ ਲੋਕਾਂ ਨੇ ਅਣਮਿੱਥੇ ਸਮੇਂ ਲਈ ਸੋਸਾਇਟੀ ਦੇ ਦਰਵਾਜ਼ੇ ਅੱਗੇ ਧਰਨਾ ਲਾ ਦਿੱਤਾ ਹੈ। ਇਸ ਮੌਕੇ ਸਭ ਤੋਂ ਵੱਧ ਰਕਮ ਦੀ ਵੱਜੀ ਠੱਗੀ ਨਾਲ ਪ੍ਰਭਾਵਿਤ ਬੀਬੀ ਨਛੱੱਤਰ ਕੌਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਦੇ ਉਚ ਅਧਿਕਾਰੀਆਂ ਨੇ ਉਸ ਦੇ ਬਣਦੇ ਲੱਖਾਂ ਰੁਪਏ ਨਾ ਦਿੱਤੇ ਤਾਂ ਉਹ ਆਤਮ-ਹੱਤਿਆ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਭਾਗ ਸਿੰਘ, ਦਰਸ਼ਨ ਸਿੰਘ, ਰੁਲਦੂ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਮੰਗ ਕੀਤੀ ਕਿ ਸਭਾ ਦੀ ਮਾਲਕੀ ਵਾਲੀ ਜ਼ਮੀਨ ਜੋ ਪੈਟਰੋਲ ਪੰਪ ਲਾਉਣ ਲਈ ਖਰੀਦੀ ਸੀ ਨੂੰ ਵੇਚ ਕੇ ਪੀੜਤ ਲੋਕਾਂ ਦੀ ਰਕਮ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਉਨ੍ਹਾਂ ਦੀ ਰਾਸ਼ੀ ਵਾਪਸ ਕਰਵਾਈ ਜਾਵੇ


Related News