ਕਾਂਗਰਸੀਆਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

Sunday, Sep 17, 2017 - 06:29 AM (IST)

ਕਾਂਗਰਸੀਆਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਧੂਰੀ(ਸੰਜੀਵ ਜੈਨ)-ਪੈਟਰੋਲ, ਡੀਜ਼ਲ ਤੇ ਗੈਸ ਦੀ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਯੂਥ ਕਾਂਗਰਸ ਵੱਲੋਂ ਜਥੇਬੰਦੀ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੇਲਵੇ ਚੌਕ ਵਿਖੇ ਪੁਤਲਾ ਫੂਕਣ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਦੇ ਰੋਸ 'ਚ ਨਾਅਰੇਬਾਜ਼ੀ ਕਰਦੇ ਹੋਏ ਵਧੀਆਂ ਕੀਮਤਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਬਨੀ ਖਹਿਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ 'ਚ ਨਿੱਤ ਅਥਾਹ ਵਾਧਾ ਕਰ ਕੇ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨੋਟਬੰਦੀ ਨੇ ਲੋਕਾਂ ਦੇ ਵਪਾਰ ਤਬਾਹ ਕਰ ਕੇ ਰੱਖ ਦਿੱਤੇ ਸੀ ਤੇ ਹੁਣ ਸਰਕਾਰ ਸ਼ਰਮਾਏਦਾਰ ਘਰਾਣਿਆਂ ਨੂੰ ਆਰਥਿਕ ਲਾਹਾ ਦੇਣ ਲਈ ਅਜਿਹੇ ਲੋਕਮਾਰੂ ਫ਼ੈਸਲੇ ਲੈ ਕੇ ਮਹਿੰਗਾਈ 'ਚ ਵਾਧਾ ਕਰਦੀ ਜਾ ਰਹੀ ਹੈ, ਜੇਕਰ ਮੋਦੀ ਸਰਕਾਰ ਨੇ ਅਜਿਹੇ ਫੈਸਲੇ ਵਾਪਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।  ਇਸ ਮੌਕੇ ਇੰਦਰਜੀਤ ਸਿੰਘ ਮਰਾਹੜ, ਰਛਪਾਲ ਸਿੰਘ ਕੈਰੋਂ ਮੀਤ ਪ੍ਰਧਾਨ, ਵੀਰਪ੍ਰਤਾਪ ਸਿੰਘ ਕਾਕਾ, ਪੁਸ਼ਪਿੰਦਰ ਸਿੰਘ ਗੁਰੂ ਐਡਵੋਕੇਟ, ਹਰਜੀਤ ਬੱਬੀ ਲੱਡਾ, ਗੋਬਿੰਦਰ ਸਿੰਘ, ਦੀਪਕ ਵਸ਼ਿਸ਼ਟ, ਸਤਨਾਮ ਸਿੰਘ ਭਲਵਾਨ, ਹਰਵਿੰਦਰ ਸਿੰਘ ਧਾਂਦਰਾ, ਕੁਲਵਿੰਦਰ ਸਿੰਘ, ਹਿਮਾਂਸ਼ੂ ਧੂਰੀ ਆਦਿ ਵੀ ਮੌਜੂਦ ਸਨ। 


Related News