ਅਕਾਲੀ ਦਲ-ਭਾਜਪਾ ਵੱਲੋਂ ਕਾਂਗਰਸ ਸਰਕਾਰ ਖਿਲਾਫ ਰੋਸ ਧਰਨੇ
Tuesday, Jun 13, 2017 - 02:06 AM (IST)
ਮਾਨਸਾ(ਜੱਸਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫੀ, ਅਕਾਲੀ ਵਰਕਰਾਂ ਨਾਲ ਵਧੀਕੀਆਂ ਅਤੇ ਵੱਡੇ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਖਿਲਾਫ ਜ਼ਿਲਾ ਪੱਧਰੀ ਧਰਨਿਆਂ ਤਹਿਤ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ, ਮਾਨਸਾ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੇਸ਼ ਦੀ ਦੁਸ਼ਮਣ ਕਾਂਗਰਸ ਪਾਰਟੀ ਨੇ ਪੰਜਾਬ 'ਤੇ ਜਦੋਂ ਵੀ ਰਾਜ ਕੀਤਾ ਤਾਂ ਪੰਜਾਬ ਨੂੰ ਤਬਾਹ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ। ਹੁਣ ਕਾਂਗਰਸੀ ਗੁੰਡਿਆਂ ਨੇ 3 ਮਹੀਨਿਆਂ ਦੇ ਰਾਜ 'ਚ ਪੰਜਾਬ ਦੇ ਲੋਕਾਂ ਨੂੰ ਮੁਗਲਾਂ ਦਾ ਰਾਜ ਚੇਤੇ ਕਰਵਾ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬੋਲਦਿਆਂ ਸ਼੍ਰੀ ਭੂੰਦੜ ਨੇ ਕਿਹਾ ਕਿ ਰੇਤੇ ਦੇ ਖਨਨ 'ਚ ਅਕਾਲੀਆਂ ਨੂੰ ਬਦਨਾਮ ਕਰਨ ਵਾਲੇ ਕਾਂਗਰਸੀ ਖੁਦ ਲੁੱਟ-ਖਸੁੱਟ ਕਰਨ ਲਈ ਰੇਤੇ ਦੀ ਦਲਦਲ 'ਚ ਧੱਸ ਗਏ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤਾਂ ਹਰ ਹੱਦ ਟੱਪ ਗਏ। ਕਿਸਾਨੀ ਕਰਜ਼ੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 70 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਗਈ। ਕਾਂਗਰਸ ਸਰਕਾਰ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਮਾਮਲੇ 'ਚ ਮੈਦਾਨ ਛੱਡ ਕੇ ਭੱਜ ਚੁੱਕੀ ਹੈ ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਮੌਕੇ ਬੁਲਾਰੇ ਐੱਮ.ਐੱਲ.ਏ ਦਿਲਰਾਜ ਸਿੰਘ ਭੂੰਦੜ, ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਇਸਤਰੀ ਅਕਾਲੀ ਦਲ ਦੀ ਆਗੂ ਸਿਮਰਜੀਤ ਕੌਰ ਸਿਮੀ ਆਦਿ ਮੌਜੂਦ ਸਨ।
