ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚਲਾਉਣ ਦੀ ਪਰਪੋਜ਼ਲ ਤਿਆਰ, ਜਲੰਧਰ ਨਜ਼ਰਅੰਦਾਜ਼

Saturday, Oct 21, 2023 - 06:56 PM (IST)

ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚਲਾਉਣ ਦੀ ਪਰਪੋਜ਼ਲ ਤਿਆਰ, ਜਲੰਧਰ ਨਜ਼ਰਅੰਦਾਜ਼

ਜਲੰਧਰ (ਗੁਲਸ਼ਨ ਅਰੋੜਾ)- ਰੇਲਵੇ ਮੰਤਰਾਲੇ ਨੇ ਅੰਮ੍ਰਿਤਸਰ-ਨਵੀਂ ਦਿੱਲੀ ਰੂਟ 'ਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਰੇਲਵੇ ਹੈੱਡਕੁਆਰਟਰ ਨੇ ਸਮਾਂ ਸਾਰਣੀ ਸਮੇਤ ਇਕ ਪਰਪੋਜ਼ਲ ਤਿਆਰ ਕਰਕੇ ਅੰਬਾਲਾ ਅਤੇ ਫ਼ਿਰੋਜ਼ਪੁਰ ਡਿਵੀਜ਼ਨ ਨੂੰ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਸਿਰਫ਼ ਲੁਧਿਆਣਾ ਅਤੇ ਅੰਬਾਲਾ ਸਟੇਸ਼ਨਾਂ 'ਤੇ ਹੀ ਸਟਾਪੇਜ ਦਿੱਤਾ ਗਿਆ ਹੈ। ਜਲੰਧਰ ਸ਼ਹਿਰ ਅਤੇ ਜਲੰਧਰ ਕੈਂਟ ਵਰਗੇ ਵੱਡੇ ਸਟੇਸ਼ਨਾਂ 'ਤੇ ਕੋਈ ਸਟਾਪੇਜ ਨਹੀਂ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਵੀ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਸਟਾਪੇਜ ਨਹੀਂ ਦਿੱਤਾ ਗਿਆ ਸੀ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ

ਕਟੜਾ ਰੂਟ 'ਤੇ ਵੰਡੇ ਭਾਰਤ ਟਰੇਨ ਚੱਲਣ ਤੋਂ ਬਾਅਦ ਤੋਂ ਹੀ ਲੋਕਾਂ ਵੱਲੋਂ ਇਸ ਦਾ ਕੈਂਟ ਸਟੇਸ਼ਨ 'ਤੇ ਸਟਾਪੇਜ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਤ ਇਸ ਸਬੰਧ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਹੁਣ ਦੂਜੀ ਵੰਦੇ ਭਾਰਤ ਟਰੇਨ ਚਲਾਉਣ ਦਾ ਸਮਾਂ ਵੀ ਜਲੰਧਰ ਸਟੇਸ਼ਨ ਨੂੰ ਇਕ ਵਾਰ ਫਿਰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਜਲੰਧਰ ਖੇਡਾਂ, ਹੈਂਡ ਟੂਲ ਅਤੇ ਹੋਟਲ ਇੰਡਸਟਰੀ ਤੋਂ ਇਲਾਵਾ ਮੀਡੀਆ ਹੱਬ ਵਜੋਂ ਵੀ ਜਾਣਿਆ ਜਾਂਦਾ ਹੈ। ਇਥੋਂ ਨਵੀਂ ਦਿੱਲੀ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੌਜੂਦਾ ਸਮੇਂ ਵਿਚ ਸਿਰਫ ਸ਼ਤਾਬਦੀ ਐਕਸਪ੍ਰੈਸ ਰੇਲਗੱਡੀ ਹੀ ਸ਼ਹਿਰ ਦੇ ਉੱਘੇ ਅਤੇ ਅਮੀਰ ਪਰਿਵਾਰਾਂ ਦੇ ਲੋਕਾਂ ਲਈ ਨਵੀਂ ਦਿੱਲੀ ਜਾਣ ਲਈ ਢੁੱਕਵੀਂ ਹੈ। ਇਸ ਵਿੱਚ ਵੀ ਅਕਸਰ ਵੇਟਿੰਗ ਕਰਨੀ ਪੈਂਦੀ ਹੈ। ਜਲੰਧਰ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਕਈ ਵਾਰ ਅਖ਼ਬਾਰਾਂ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਰੇਲਵੇ ਵਿਭਾਗ ਨੇ ਇਕ ਵਾਰ ਫਿਰ ਦੂਜੀ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਜਾਰੀ ਕਰਕੇ ਜਲੰਧਰ ਦੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਅੰਮ੍ਰਿਤਸਰ ਤੋਂ 5.10 ਘੰਟਿਆਂ ਵਿੱਚ ਨਵੀਂ ਦਿੱਲੀ ਪਹੁੰਚੇਗੀ
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਆਉਣ ਵਾਲੇ ਦਿਨਾਂ ਵਿੱਚ ਚੱਲਣ ਦੀ ਸੰਭਾਵਨਾ ਹੈ। ਉਕਤ ਟਰੇਨ ਦੇ ਚੱਲਣ ਦੀ ਤਾਰੀਖ਼ ਅਜੇ ਤੈਅ ਨਹੀਂ ਕੀਤੀ ਗਈ ਹੈ ਪਰ ਪਰਪੋਜ਼ਲ  'ਚ ਇਸ ਦੀ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 7:55 'ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 1:05 'ਤੇ ਯਾਨੀ 5.10 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ ਇਹ ਨਵੀਂ ਦਿੱਲੀ ਤੋਂ ਦੁਪਹਿਰ 1:40 'ਤੇ ਰਵਾਨਾ ਹੋਵੇਗੀ ਅਤੇ ਸ਼ਾਮ 6:50 'ਤੇ ਅੰਮ੍ਰਿਤਸਰ ਪਹੁੰਚੇਗੀ। ਜਦਕਿ ਸ਼ਤਾਬਦੀ ਐਕਸਪ੍ਰੈਸ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੋਂ 6 ਘੰਟੇ 7 ਮਿੰਟ ਵਿੱਚ ਪਹੁੰਚਦੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਟ੍ਰੈਫਿਕ ਰਹੇਗਾ ਡਾਇਵਰਟ, ਰੂਟ ਪਲਾਨ ਜਾਰੀ

ਜਲੰਧਰ ਸਟੇਸ਼ਨ 'ਤੇ ਸਟਾਪੇਜ ਨਾਲ ਲੱਗਦੇ ਕਈ ਸ਼ਹਿਰਾਂ ਦੇ ਐੱਨ. ਆਰ. ਆਈ. ਲੋਕਾਂ ਨੂੰ ਮਿਲੇਗਾ ਫਾਇਦਾ
ਰੇਲਵੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਸਟਾਪੇਜ ਮਿਲਣ ਨਾਲ ਜਲੰਧਰ ਦੇ ਨਾਲ ਲੱਗਦੇ ਕਪੂਰਥਲਾ, ਫਗਵਾੜਾ, ਨਕੋਦਰ, ਨਵਾਂਸ਼ਹਿਰ, ਹੁਸ਼ਿਆਰਪੁਰ ਦੇ ਲੋਕਾਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ। ਇਨ੍ਹਾਂ ਖੇਤਰਾਂ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ, ਜੋ ਨਵੀਂ ਦਿੱਲੀ ਏਅਰਪੋਰਟ 'ਤੇ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਲਈ ਵੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਬਹੁਤ ਸੁਵਿਧਾਜਨਕ ਹੋਵੇਗੀ। ਇਸ ਟਰੇਨ 'ਚ ਸਫਰ ਕਰਨ ਨਾਲ ਪ੍ਰਵਾਸੀ ਭਾਰਤੀਆਂ ਦੇ ਮਨਾਂ 'ਚ ਰੇਲਵੇ ਦਾ ਅਕਸ ਵੀ ਸੁਧਰੇਗਾ। ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਉਪਰੋਕਤ ਸ਼ਹਿਰਾਂ ਦਾ ਕੇਂਦਰ ਬਿੰਦੂ ਹੈ। ਨਵੀਂ ਦਿੱਲੀ ਜਾਣ ਲਈ ਲੋਕ ਇਥੋਂ ਆਸਾਨੀ ਨਾਲ ਟਰੇਨ ਫੜ ਸਕਦੇ ਹਨ। ਇਸ ਲਈ ਰੇਲਵੇ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਹਰ ਹਾਲਤ ਵਿੱਚ ਜਲੰਧਰ ਸਿਟੀ ਸਟੇਸ਼ਨ 'ਤੇ ਆਪਣਾ ਸਟਾਪੇਜ ਮੁਹੱਈਆ ਕਰਵਾਏ। ਇਸ ਨਾਲ ਰੇਲਵੇ ਦੀ ਆਮਦਨ ਵੀ ਵਧੇਗੀ।

ਰੇਲ ਮੰਤਰੀ ਸਾਹਮਣੇ ਇਕ ਵਾਰ ਫਿਰ ਚੁੱਕਾਂਗੇ ਮੁੱਦਾ ਮੁੱਦਾ: ਸੁਸ਼ੀਲ ਰਿੰਕੂ
ਦੂਜੇ ਪਾਸੇ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਦੋ ਵੰਦੇ ਭਾਰਤ ਰੇਲ ਗੱਡੀਆਂ ਵਿੱਚੋਂ ਇਕ ਨੂੰ ਜਲੰਧਰ ਸਿਟੀ ਜਾਂ ਕੈਂਟ ਰੇਲਵੇ ਸਟੇਸ਼ਨ ’ਤੇ ਸਟਾਪੇਜ ਦਿੱਤਾ ਜਾਣਾ ਚਾਹੀਦਾ ਹੈ। ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਕੁਝ ਸਮਾਂ ਪਹਿਲਾਂ ਰੇਲ ਮੰਤਰੀ ਨੂੰ ਮਿਲ ਕੇ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਜਲੰਧਰ ਸਟੇਸ਼ਨ ’ਤੇ ਸਟਾਪੇਜ ਦੇਣ ਦੀ ਮੰਗ ਕਰ ਚੁੱਕੇ ਹਨ। ਜੇਕਰ ਇਸ ਦਾ ਸਟਾਪੇਜ ਜਲੰਧਰ ਸਟੇਸ਼ਨ 'ਤੇ ਨਾ ਦਿੱਤਾ ਗਿਆ ਤਾਂ ਜਲੰਧਰ ਦੇ ਆਸ-ਪਾਸ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਨਿਰਾਸ਼ਾ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਇਕ ਵਾਰ ਫਿਰ ਰੇਲ ਮੰਤਰੀ ਅੱਗੇ ਉਠਾਉਣਗੇ।
 

ਇਹ ਵੀ ਪੜ੍ਹੋ: ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ 'ਤੇ, ਪੁੱਛਗਿੱਛ 'ਚ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

 


author

shivani attri

Content Editor

Related News