ਦਾਊ ਮਾਜਰਾ ’ਚ ਪ੍ਰਾਪਰਟੀ ਦੀ ਰਕਮ ਲੈਣ ਦੇਣ ’ਚ ਦੋ ਗੁੱਟਾਂ ''ਚ ਚੱਲੀਆਂ ਤਲਵਾਰਾਂ, ਇਕ ਦੀ ਮੌਤ
Saturday, Mar 13, 2021 - 06:05 PM (IST)
ਖਰੜ (ਅਮਰਦੀਪ, ਰਣਬੀਰ, ਸ਼ਸ਼ੀ)– ਖਰੜ ਦੇ ਨੇੜਲੇ ਪਿੰਡ ਦਾਊ ਮਾਜਰਾ ਵਿਖੇ ਪ੍ਰਾਪਰਟੀ ਦੀ ਰਕਮ ਲੈਣ ਦੇਣ ਵਿਚ ਦੋ ਗੁੱਟਾਂ ਦੀ ਹੋਈ ਲੜਾਈ ਵਿਚ ਇਕ ਵਿਅਕਤੀ ਦਾ ਕਤਲ ਹੋ ਗਿਆ। ਥਾਣਾ ਸਦਰ ਪੁਲਸ ਨੂੰ ਪਰਮਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਨਿਊਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਉਸ ਦੀ ਪ੍ਰਾਪਰਟੀ ਡੀਲਰ ਗੁਰਿੰਦਰ ਸਿੰਘ ਰੋਡਾ ਵਾਸੀ ਪਿੰਡ ਮਾਜਰੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਪਿਛਲੇ 5 ਸਾਲ ਤੋਂ ਜਾਣ ਪਹਿਚਾਣ ਹੈ। ਉਸ ਦੇ ਦੋਸਤ ਰੋਡੇ ਨੇ ਉਸ ਨੂੰ 12 ਮਾਰਚ ਨੂੰ ਆਪਣੇ ਘਰ ਬੁਲਾਇਆ ਤਾਂ ਪ੍ਰਾਪਰਟੀ ਦੇ ਪੈਸੇ ਲੈਣ ਸਬੰਧੀ ਉਸ ਨੇ ਪਿੰਡ ਦਾਊ ਮਾਜਰਾ ਖਰੜ ਦੇ ਵਸਨੀਕ ਮਨੀ ਪੁੱਤਰ ਗੋਲਾ ਜੋ ਕਿ ਪ੍ਰਾਪਰਟੀ ਦਾ ਕੰਮ ਕਰਦੇ ਹਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੀ ਫੋਨ ਉਪਰ ਹੀ ਉਨ੍ਹਾਂ ਵਿਚ ਬਹਿਸਬਾਜ਼ੀ ਹੋ ਗਈ। ਉਸ ਤੋਂ ਬਾਅਦ ਉਹ ਆਪਣੇ ਦੋਸਤ ਰੋਡੇ, ਅਵਤਾਰ ਸਿੰਘ ਰਾਜੀ, ਸਿਮਰਨ, ਸਲਮਾਨ ਅਤੇ ਬੇਅੰਤ ਸਿੰਘ ਨਾਲ ਆਪਣੀ ਕਾਰ ਤੇ ਸਵਾਰ ਹੋ ਕੇ ਪਿੰਡ ਦਾਊ ਮਾਜਰਾ ਆ ਰਹੇ ਸਨ। ਜਦੋਂ ਉਹ ਪਿੰਡ ਦਾਊ ਮਾਜਰਾ ਨੇੜੇ ਪੁਜੇ ਤਾਂ ਕੁੱਝ ਗੱਡੀਆਂ ਨੇ ਉਨ੍ਹਾਂ ਨੂੰ ਰੋਕਿਆ। ਉਸ ਤੋਂ ਬਾਅਦ ਕਾਰ ਵਿਚੋਂ ਇਕੋ ਦਮ ਮਨੀ ਪੁੱਤਰ ਗੋਲਾ, ਸੋਹਣਾ ਵਾਸੀਆਨ ਪਿੰਡ ਦਾਊ ਮਾਜਰਾ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਅਵਤਾਰ ਸਿੰਘ ਰਾਜੀ ਵਾਸੀ ਪਿੰਡ ਲਲਹੇੜੀਆਂ ਨੇੜੇ ਖੰਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਲਵਾਰ ਵਜੀ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਰਾਜੀ ਨੂੰ ਜਦੋਂ ਸਿਵਲ ਹਸਪਤਾਲ ਖਰੜ ਇਲਾਜ ਲਈ ਲਿਆਂਦਾ ਗਿਆ ਤਾਂ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਥਾਣਾ ਸਦਰ ਦੇ ਐੱਸ. ਐੱਚ. ਓ. ਅਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੋਲਾ ਸਿੰਘ, ਮਨੀ ਪੁੱਤਰ ਗੋਲਾ, ਸੋਹਣਾ ਵਾਸੀਆਨ ਪਿੰਡ ਦਾਊ ਮਾਜਰਾ ਜ਼ਿਲ੍ਹ ਮੋਹਾਲੀ ਅਤੇ ਜਸਪ੍ਰੀਤ ਸਿੰਘ ਪਿੰਡ ਬਰਸਾਲਪੁਰ ਨੇੜੇ ਸ੍ਰੀ ਚਮਕੌਰ ਸਾਹਿਬ ਜ਼ਿਲਾ ਰੋਪੜ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।