ਪੰਜਾਬ ਦੇ ਲੋਕਾਂ ਦੀਆਂ ਲੱਗਣਗੀਆਂ ਮੌਜਾਂ! ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ
Monday, Jun 09, 2025 - 03:06 PM (IST)

ਚੰਡੀਗੜ੍ਹ/ਅਬੋਹਰ : ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਤੰਬਰ 2025 ਤੱਕ ਅਬੋਹਰ ਵਿਚ 9.50 ਕਰੋੜ ਰੁਪਏ ਦੀ ਲਾਗਤ ਵਾਲਾ ਚਿੱਲੀ ਪ੍ਰੋਸੈਸਿੰਗ ਪਲਾਂਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੈਗਰੈਕਸੋ) ਵੱਲੋਂ ਪ੍ਰਤੀ ਘੰਟਾ ਪੰਜ ਟਨ ਸਮਰੱਥਾ ਵਾਲਾ ਇਹ ਚਿੱਲੀ ਪ੍ਰੋਸੈਸਿੰਗ ਪਲਾਂਟ ਇਕ ਏਕੜ ਜ਼ਮੀਨ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਸਕੂਲ 'ਚ ਹੈਰਾਨੀਜਨਕ ਘਟਨਾ, ਜਾਰੀ ਹੋ ਗਏ ਨੋਟਿਸ
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰੋਸੈਸਿੰਗ ਲਈ ਢੁਕਵੀਆਂ ਵਧ-ਉਪਜ ਵਾਲੀਆਂ ਮਿਰਚ ਦੀਆਂ ਕਿਸਮਾਂ ਉਗਾਉਣ ਲਈ ਉਤਸ਼ਾਹਿਤ ਕਰਨ ਸਦਕਾ ਮਿਰਚ ਦੀ ਕਾਸ਼ਤ ਹੇਠ ਰਕਬਾ ਹਰ ਸਾਲ ਵਧ ਰਿਹਾ ਹੈ। ਸਾਲ 2024 ਤੱਕ, ਪੰਜਾਬ ਵਿਚ ਮਿਰਚ ਦੀ ਕਾਸ਼ਤ ਹੇਠ ਰਕਬਾ 10,614 ਹੈਕਟੇਅਰ ਸੀ, ਜੋ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਖੇਤਰ ਹੈ, ਜਿਸ ਵਿਚੋਂ 21,416 ਮੀਟ੍ਰਿਕ ਟਨ ਪੈਦਾਵਾਰ ਹੋਈ। ਮਿਰਚਾਂ ਦੇ ਉਤਪਾਦਨ ਵਿਚ ਫਿਰੋਜ਼ਪੁਰ ਜ਼ਿਲ੍ਹਾ ਮੋਹਰੀ ਰਿਹਾ, ਇਸ ਤੋਂ ਬਾਅਦ ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਐੱਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਹਨ। ਫਿਰੋਜ਼ਪੁਰ ਦਾ ਔਸਤਨ ਝਾੜ ਪ੍ਰਤੀ ਹੈਕਟੇਅਰ ਲਗਭਗ 19 ਮੀਟ੍ਰਿਕ ਟਨ ਰਿਹਾ, ਜੋ ਖੇਤਰ ਵਿਚ ਅਪਣਾਏ ਜਾ ਰਹੇ ਕੁਸ਼ਲ ਖੇਤੀ ਅਭਿਆਸਾਂ ਅਤੇ ਕਿਸਾਨਾਂ ਦੀ ਰੌਸ਼ਨ-ਦਿਮਾਗੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਪੈਗਰੈਕਸੋ ਵੱਲੋਂ ਸਥਾਪਤ ਮਾਰਕੀਟਿੰਗ ਨੈੱਟਵਰਕ ਦੀ ਮਦਦ ਨਾਲ ਸਿੱਧੀ ਕਿਸਾਨਾਂ ਅਤੇ ਐਗਰੀਗੇਟਰਾਂ ਤੋਂ ਮਿਰਚਾਂ ਖ਼ਰੀਦੀਆਂ ਜਾਂਦੀਆਂ ਹਨ। ਇਹ ਕਾਰਪੋਰੇਸ਼ਨ ਪੰਜਾਬ ਦੀ ਲਾਲ ਮਿਰਚ ਦੇ ਪੇਸਟ ਨੂੰ ਵੱਡੇ ਪੱਧਰ ’ਤੇ ਨਿਰਯਾਤ ਕਰਦੀ ਹੈ। ਪੰਜਾਬ ਦੀਆਂ ਮਿਰਚਾਂ ਦੀ ਉੱਚ ਗੁਣਵੱਤਾ ਅਤੇ ਤਿੱਖੇ ਸਵਾਦ ਕਾਰਨ ਸਾਲ ਦਰ ਸਾਲ ਇਸ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰੋਸੈਸਿੰਗ ਲਈ ਲਾਲ ਮਿਰਚਾਂ ਦੀ ਕਾਸ਼ਤਕਾਰੀ ਕਰਨ ਵੱਲ ਹੋਰ ਉਤਸ਼ਾਹ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ "ਚ ਇਨ੍ਹਾਂ ਵਾਹਨ ਚਾਲਕਾਂ ਦੀ ਆ ਗਈ ਸ਼ਾਮਤ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਮਿਰਚਾਂ ਦੀ ਕਾਸ਼ਤ ਪੰਜਾਬ ਦੀ ਖੇਤੀਬਾੜੀ ਵਿਭਿੰਨਤਾ ਦੇ ਇਕ ਮਹੱਤਵਪੂਰਨ ਹਿੱਸੇ ਵਜੋਂ ਉੱਭਰੀ ਹੈ, ਜਿਸ ਨਾਲ ਕਿਸਾਨਾਂ ਨੂੰ ਕਣਕ ਅਤੇ ਝੋਨੇ ਵਰਗੀਆਂ ਰਵਾਇਤੀ ਫਸਲਾਂ ਦੀ ਥਾਂ ਇਕ ਲਾਹੇਵੰਦ ਬਦਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਾਜ ਦੀਆਂ ਅਨੁਕੂਲ ਖੇਤੀ-ਜਲਵਾਯੂ ਸਥਿਤੀਆਂ ਨੇ ਰਣਨੀਤਕ ਤੌਰ ’ਤੇ ਪੰਜਾਬ ਨੂੰ ਮਿਰਚਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਵਿੱਚ ਇੱਕ ਪ੍ਰਮੁੱਖ ਕਾਸ਼ਤਕਾਰ ਵਜੋਂ ਉਭਾਰਿਆ ਹੈ। ਖੁੱਡੀਆਂ ਨੇ ਕਿਹਾ ਕਿ ਪੰਜਾਬ ਹੁਣ ਮੱਧ ਪੂਰਬੀ ਅਤੇ ਅਫਰੀਕੀ ਕੈਰੇਬੀਅਨ ਦੇਸ਼ਾਂ ਸਮੇਤ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਵੀ ਲਾਲ ਮਿਰਚਾਂ ਦੇ ਪੇਸਟ ਦਾ ਵੱਡੇ ਪੱਧਰ ’ਤੇ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਪੈਗਰੈਕਸਕੋ ਦਾ ਟੀਚਾ ਹੈ ਕਿ ਪੰਜਾਬ ਦੀ ਲਾਲ ਮਿਰਚ ਦਾ ਪੇਸਟ ਆਲਮੀ ਪੱਧਰ ’ਤੇ ਨਿਰਯਾਤ ਕੀਤਾ ਜਾਵੇ। ਕਾਰਪੋਰੇਸ਼ਨ ਦੀ ਮਾਰਕੀਟਿੰਗ ਟੀਮ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਦੁਨੀਆ ਭਰ ਵਿਚ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿਚ ਪੰਜਾਬ ਦੀਆਂ ਤਿੱਖੇ ਸਵਾਦ ਵਾਲੀਆਂ ਮਿਰਚਾਂ ਨੂੰ ਸਰਗਰਮੀ ਨਾਲ ਪ੍ਰਦਰਸ਼ਿਤ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਪੁਰਾਣੇ ਵਾਹਨਾਂ ਦੀ ਬੈਕਲਾਗ ਐਂਟਰੀ ਸ਼ੁਰੂ, ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰ. ਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e