ਪੰਜਾਬ ''ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬੋਲੇ ਪ੍ਰੋ. ਸਰਚਾਂਦ ਸਿੰਘ, ਕਹੀਆਂ ਇਹ ਗੱਲਾਂ
Thursday, Mar 02, 2023 - 09:16 PM (IST)
ਅੰਮ੍ਰਿਤਸਰ : ਭਾਜਪਾ ਦੇ ਸਿੱਖ ਆਗੂ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ 'ਕਾਨੂੰਨ ਦਾ ਰਾਜ' ਦੇਣ ’ਚ ਨਾਕਾਮ ਹੋ ਚੁੱਕੀ ਹੈ। ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਥੇ ਕੋਈ ਵੀ ਕਿਸੇ ਦਾ ਸਿਰ ਪਾੜ ਦੇਵੇ ਕੋਈ ਪੁੱਛਣ ਵਾਲਾ ਨਹੀਂ, ਉਹ ਸਿਰ ਭਾਵੇਂ ਕਾਨੂੰਨ ਦੇ ਰਖਵਾਲਿਆਂ ਦਾ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਅਜਨਾਲਾ ਹਿੰਸਾ ਨੂੰ ਅੱਠ ਦਿਨ ਬੀਤ ਜਾਣ ’ਤੇ ਵੀ ਕਿਸੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ, ਇਹ ਸਰਕਾਰ ਵਲੋਂ ਲੋਕਾਂ ਨੂੰ ਕਾਨੂੰਨ ਦਾ ਰਾਜ ਦੇਣ ਵਿਚ ਅਸਫ਼ਲਤਾ ਦੀ ਇਕ ਮਿਸਾਲ ਹੈ।
ਇਹ ਵੀ ਪੜ੍ਹੋ : ਆਟੋ ਚਲਾਉਣ ਦੀ ਆੜ ’ਚ ਕਰਦਾ ਸੀ ਨਸ਼ਾ ਸਪਲਾਈ, ਜਾਣੋ ਕਿਵੇਂ ਚੜ੍ਹਿਆ ਪੁਲਸ ਅੜਿੱਕੇ
ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਬਦਲਾਅ ਨਹੀਂ ਸੀ ਚਾਹੁੰਦੇ, ਜਿਥੇ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਗੈਂਗਸਟਰ/ਅਪਰਾਧੀ ਸ਼ਰੇਆਮ ਘੁੰਮ ਰਹੇ ਹੋਣ ਅਤੇ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਸੁਧਾਰਨ ਦੀ ਬਜਾਏ ਸਰਕਾਰ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖੁਆਇਸ਼ਾਂ ਦੀ ਪੂਰਤੀ ਲਈ ਸੂਬੇ ਦੇ ਵਸੀਲਿਆਂ ਦਾ ਸ਼ੋਸ਼ਣ ਕਰਕੇ ਦਿੱਲੀ ਦਰਬਾਰ ਨੂੰ ਖ਼ੁਸ਼ ਕਰਨ ਵਿੱਚ ਲੱਗ ਜਾਣ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਕਾਬੂ ਹੇਠ ਹੋਣ ਸਬੰਧੀ ਝੂਠੇ ਬਿਆਨ ਦੇ ਰਹੇ ਹਨ। ਸਰਹੱਦੀ ਸੂਬੇ 'ਚ ਜਿੱਥੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਕਾਰਨ ਆਮ ਲੋਕ ਡਰੇ ਹੋਏ ਹਨ। ਇਹ ਕੋਈ ਮਾਮੂਲੀ ਘਟਨਾ ਨਹੀਂ ਹੈ ਕਿ ਕੁਝ ਲੋਕ ਥਾਣੇ ’ਤੇ ਹਮਲਾ ਕਰਕੇ ਉਸ ’ਤੇ ਕਬਜ਼ਾ ਕਰ ਲੈਣ ਅਤੇ ਉੱਥੇ ਪਿਆ ਅਸਲਾ ਅਤੇ ਗੋਲਾ ਬਾਰੂਦ ਦੋ ਘੰਟੇ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਰਿਹਾ ਹੋਵੇ। ਅਰਾਜਕਤਾ ਫੈਲਾਉਣ ਲਈ ਸਮਾਜ ਵਿਰੋਧੀ ਤੱਤ ਉਕਤ ਅਸਲੇ ਦੀ ਵਰਤੋਂ ਵੱਡੀ ਗਿਣਤੀ ਵਿੱਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਲਈ ਵਰਤ ਸਕਦੇ ਸਨ।
ਇਹ ਵੀ ਪੜ੍ਹੋ : Big News : 6 ਮਾਰਚ ਨੂੰ ਬੰਦ ਰਹੇਗਾ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਜਾਣੋ ਕਿਉਂ?
ਉਨ੍ਹਾਂ ਕਿਹਾ ਕਿ 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ ਗਾਇਕ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ, ਪ੍ਰਸਿੱਧ ਕਬੱਡੀ ਖਿਡਾਰੀਆਂ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ, ਮੁਕਤਸਰ ਜ਼ਿਲ੍ਹੇ ’ਚ ਫਿਰੌਤੀ ਨੂੰ ਲੈ ਕੇ ਨੌਜਵਾਨ ਹਰਮਨਦੀਪ ਸਿੰਘ ਦੀ ਹੱਤਿਆ, ਨਕੋਦਰ 'ਚ ਪੁਲਸ ਕਾਂਸਟੇਬਲ ਮਨਦੀਪ ਸਿੰਘ ਦੀ ਗੋਲ਼ੀਬਾਰੀ ਵਿੱਚ ਹੱਤਿਆ ਤੋਂ ਇਲਾਵਾ ਪੁਲਸ ਠਿਕਾਣਿਆਂ 'ਤੇ ਦੋ ਵੱਖ-ਵੱਖ ਆਰ.ਪੀ.ਜੀ ਹਮਲੇ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸਪਸ਼ਟ ਦੱਸ ਰਿਹਾ ਹੈ ਕਿ ਪੰਜਾਬ ਅਤੇ ਪੰਜਾਬੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇੱਥੇ ਕਾਨੂੰਨ ਦਾ ਰਾਜ ਨਹੀਂ ਹੈ, ਸਗੋਂ ਜੰਗਲ ਰਾਜ ਅਤੇ ਅਰਾਜਕਤਾ ਸਥਾਪਤ ਹੋ ਗਏ ਹਨ। ਮਹਿਜ਼ ਇਕ ਸਾਲ ’ਚ ਕਾਨੂੰਨ ਵਿਵਸਥਾ ਇੰਨੀ ਮਾੜੀ ਹਾਲਤ 'ਤੇ ਪਹੁੰਚ ਜਾਵੇਗੀ ਇਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਖ਼ਤਰੇ ਵਿੱਚ ਹੈ। ਉਹ ਭਾਵੇਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵਕਾਲਤ ਨਹੀਂ ਕਰਦੇ ਪਰ ਜੇਕਰ ਰਾਜ ਦੀ ਸੰਵਿਧਾਨਕ ਮਸ਼ੀਨਰੀ ਜਾਂ ਵਿਧਾਨ ਸਭਾ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀ ਹੈ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤਾਂ ਕੇਂਦਰ ਸਰਕਾਰ ਨੂੰ ਪੰਜਾਬ ਬਾਰੇ ਠੋਸ ਫ਼ੈਸਲਾ ਲੈਣਾ ਹੋਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਮੁੜ ਚੱਲੀਆਂ ਗੋਲ਼ੀਆਂ, ਲੋਕਾਂ 'ਚ ਸਹਿਮ ਦਾ ਮਾਹੌਲ (ਵੀਡੀਓ)
ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਪ੍ਰਤੀ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਦੀ ਥਾਂ ਅਰਵਿੰਦ ਕੇਜਰੀਵਾਲ ਨੂੰ ਉਭਾਰਨ ਲਈ ਪੰਜਾਬ ਦੇ ਖ਼ਜ਼ਾਨੇ ਦਾ ਹੁਣ ਤਕ ਕਰੀਬ 400 ਕਰੋੜਾਂ ਰੁਪਏ ਉਸ ਦੇ ਹੱਕ ਵਿਚ ਬੇਲੋੜੀ ਇਸ਼ਤਿਹਾਰਬਾਜ਼ੀ ਰਾਹੀਂ ਉਡਾ ਚੁਕੇ ਹਨ। ਇਸ ਇਲਾਵਾ ਦਿੱਲੀ ’ਚ ਕਥਿਤ ਸ਼ਰਾਬ ਘੁਟਾਲੇ ’ਚ ਫਸੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮਾਮਲੇ ’ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਪੰਜਾਬ ’ਚ ਵੀ ਲਾਗੂ ਦਿਲੀ ਸ਼ਰਾਬ ਮਾਡਲ ਦਾ ਸੇਕ ਪੰਜਾਬ ਪੁੱਜਣ ’ਤੇ ਆਪਣੇ ਆਪ ਨੂੰ ਬਚਾਉਣ ਲਈ ਸਕੀਮਾਂ ਘੜਨ ਵਿਚ ਸਮਾਂ ਅਤੇ ਸ਼ਕਤੀ ਨਸ਼ਟ ਕਰਨ ਦੀ ਥਾਂ ਲੋਕਾਂ ਪ੍ਰਤੀ ਆਪਣੀਆਂ ਸੰਵਿਧਾਨਕ ਜਿਮੇਵਾਰੀਆਂ ਨੂੰ ਪੂਰੀਆਂ ਕਰਨ ਵਲ ਧਿਆਨ ਦੇਣ ਲਈ ਕਿਹਾ।