ਹਰਿਆਣੇ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਕਿਸਾਨਾਂ ਨੂੰ ਚੋਰਾਂ ਵਾਂਗ ਵੇਚਣੀ ਪਈ ਕਣਕ

05/03/2020 9:21:42 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਦੌਰਾਨ ਸੁਰੱਖਿਅਤ ਮੰਡੀਕਰਨ ਦੀਆਂ ਨਵੀਆਂ ਹਦਾਇਤਾਂ ਲਈ ਪੰਜਾਬ ਦੇ ਕਿਸਾਨਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀ ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਕਿਸਾਨ, ਜਿਨ੍ਹਾਂ ਦੀ ਆੜ੍ਹਤ ਹਰਿਆਣੇ ਦੇ ਲਾਗਲੇ ਸ਼ਹਿਰਾਂ ਵਿਚ ਹੈ, ਉਨ੍ਹਾਂ ਨੂੰ ਤਾਲਾਬੰਦੀ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਲਈ ਹੋਰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਜ਼ਿਲ੍ਹਾ ਪਟਿਆਲਾ ਵਿਚ ਜਲਾਲਾਬਾਦ ਦੇ ਰਹਿਣ ਵਾਲੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆੜ੍ਹਤ ਹਰਿਆਣੇ, ਇਸਮਾਲਾਬਾਦ ਮੰਡੀ ਵਿਚ ਹੈ। ਕਣਕ ਦੀ ਕਟਾਈ ਅਤੇ ਕਢਾਈ ਤੋਂ ਬਾਅਦ ਲੱਗਭਗ ਦਸ ਤੋਂ ਬਾਰਾਂ ਦਿਨ ਉਨ੍ਹਾਂ ਨੂੰ ਕਣਕ ਘਰ ਵਿਚ ਹੀ ਭੰਡਾਰ ਕਰਕੇ ਰੱਖਣੀ ਪਈ, ਕਿਉਂਕਿ ਆੜ੍ਹਤ ਹਰਿਆਣੇ ਵਿਚ ਹੋਣ ਕਰਕੇ ਪੰਜਾਬ ਹਰਿਆਣਾ ਸਰਹੱਦ ਲੰਘਣ ਲਈ ਮੁਸ਼ਕਲ ਆ ਰਹੀ ਸੀ। 

ਫਿਰ ਜਦੋਂ ਆੜ੍ਹਤੀਏ ਨੇ ਸਮਾਂ ਦਿੱਤਾ ਤਾਂ ਉਹ ਸਵੇਰੇ ਤਿੰਨ ਵਜੇ ਆਪਣੀ ਕਣਕ ਮੰਡੀ ਵਿਚ ਲੈ ਕੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਛੇਤੀ ਵਿਹਲਾ ਕਰਨ ਲਈ ਆੜ੍ਹਤੀਏ ਨੇ ਉਨ੍ਹਾਂ ਦੀ ਕਣਕ ਧਰਮ ਕੰਡੇ ਰਾਹੀਂ ਤੋਲ ਦਿੱਤੀ ਅਤੇ ਦੋ ਫੀਸਦੀ ਤੱਕ ਦੀ ਕਾਟ ਵੀ ਕੱਟੀ। ਉਨ੍ਹਾਂ ਮੁਤਾਬਕ ਦੁੱਖ ਇਸ ਗੱਲ ਦਾ ਵੀ ਹੈ ਕਿ ਆਪਣੀ ਹੀ ਕਣਕ ਚੋਰਾਂ ਵਾਂਗੂੰ ਵੇਚਣੀ ਪਈ। ਪਿੰਡ ਔਜਾਂ ਦੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆੜ੍ਹਤ ਵੀ ਹਰਿਆਣਾ ਵਿਚ ਹੈ। ਤਾਲਾਬੰਦੀ ਦੇ ਕਾਰਨ ਇਹ ਵੀ ਆਪਣੀ ਕਣਕ ਹਰਿਆਣੇ ਆਪਣੇ ਆੜ੍ਹਤੀਏ ਕੋਲ ਨਹੀਂ ਵੇਚ ਸਕਦੇ ਸਨ ਤਾਂ ਕਰਕੇ ਪੰਜਾਬ ਵਿਚ ਹੀ ਕਿਸੇ ਨਵੇਂ ਆੜ੍ਹਤੀਏ ਨਾਲ ਇਸ ਬਾਬਤ ਗੱਲ ਕਰਨੀ ਪਈ। ਉਨ੍ਹਾਂ ਨੇ ਕਿਹਾ ਕਿ ਭੰਡਾਰਨ ਨਾ ਕਰ ਸਕਣ ਕਰਕੇ ਕੇਰਾਂ ਕਣਕ ਦੀ ਵਿਕਰੀ ਕਰ ਦਿੱਤੀ ਹੈ ਇਸ ਦੇ ਭੁਗਤਾਨ ਦਾ ਜਾਂ ਨਵਾਂ  ਆੜ੍ਹਤੀਆਂ ਕਿੰਨੀ ਕਾਟ ਕੱਟੇਗਾ ਇਸ ਬਾਰੇ ਬਾਅਦ ਵਿਚ ਹੀ ਪਤਾ ਲੱਗੇਗਾ । 

ਪੜ੍ਹੋ ਇਹ ਵੀ ਖਬਰ - ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ : ਪੀ.ਏ.ਯੂ.

ਕਈ ਸਰਹੱਦਾਂ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਬਹੁਤੇ ਹਰਿਆਣੇ ਦੇ ਆੜ੍ਹਤੀਆਂ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਜੁੜੇ ਕਿਸਾਨਾਂ ਦੀ ਕਣਕ ਖਰੀਦ ਲੈਣ। ਹਰਿਆਣੇ ਦੇ ਕਈ ਆੜ੍ਹਤੀਆਂ ਨੇ ਆਪਣੇ ਕਿਸਾਨਾਂ ਦੀ ਮਦਦ ਅਤੇ ਉਨ੍ਹਾਂ ਦੀ ਕਣਕ ਖਰੀਦਣ ਲਈ ਪੰਜਾਬ ਦੀਆਂ ਮੰਡੀਆਂ ਵਿਚ ਆਪਣੇ ਡੇਰੇ ਲਗਾ ਲਏ। ਬਹੁਤ ਸਾਰੇ ਕਿਸਾਨਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਜਾ ਕੇ ਜਿਨ੍ਹਾਂ ਦਾ ਆੜ੍ਹਤੀਆ ਪੰਜਾਬ ਦਾ ਸੀ ਆਪਣੀ ਕਣਕ ਦੀ ਵਿਕਰੀ ਕੀਤੀ।

PunjabKesari

ਜਿਨ੍ਹਾਂ ਕਿਸਾਨਾਂ ਜਾਂ ਆੜ੍ਹਤੀਆਂ ਦੇ ਕਣਕ ਮੰਡੀਕਰਨ ਦੀ ਨਵੀਂ ਪ੍ਰਕਿਰਿਆ ਰਾਸ ਨਹੀਂ ਆਈ ਉਨ੍ਹਾਂ ਨੇ ਕਈ ਹੋਰ ਹੱਥਕੰਡੇ ਵੀ ਅਪਣਾਏ ਜੋ ਕਾਰਗਰ ਸਿੱਧ ਹੋਏ। ਬਹੁਤੇ ਆੜ੍ਹਤੀਆਂ ਨੇ ਕਿਸਾਨਾਂ ਦੀ ਕਣਕ ਸਿੱਧੀ ਗੋਦਾਮਾਂ ਵਿਚ ਲੁਹਾ ਲਈ ।ਅਜਿਹੀਆਂ ਵੀ ਬੜੀਆਂ ਉਦਾਹਰਨਾਂ ਹਨ ਕਿ ਕਿਸਾਨ ਨਾਲ ਗੱਲ ਕਰਨ ਤੋਂ ਬਾਅਦ ਆੜ੍ਹਤੀਆ ਸਿੱਧੀ ਕਿਸਾਨ ਦੇ ਖੇਤ ਵਿਚੋਂ ਹੀ ਕਣਕ ਚੁੱਕ ਕੇ ਲੈ ਗਿਆ । ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਪਿੰਡ ਅਕਬਰਪੁਰੇ ਦੇ ਕਿਸਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਉਨ੍ਹਾਂ ਦੀ ਗੱਲ ਆੜ੍ਹਤੀਏ ਨਾਲ ਹੋਈ ਤੇ ਆੜ੍ਹਤੀਆ ਸਿੱਧਾ ਹੀ ਉਨ੍ਹਾਂ ਦੇ ਖੇਤ ਵਿੱਚੋਂ ਕਣਕ ਚੁੱਕ ਕੇ ਲੈ ਗਿਆ । ਜਿਸ ਨਾਲ ਉਨ੍ਹਾਂ ਨੂੰ ਪਾਸ ਮਿਲਣ ਦਾ ਇੰਤਜ਼ਾਰ ਵੀ ਨਹੀਂ ਕਰਨਾ ਪਿਆ ਅਤੇ ਵਾਧੂ ਖਰਚਾ ਵੀ ਨਹੀਂ ਹੋਇਆ ।

PunjabKesari


rajwinder kaur

Content Editor

Related News