ਹਰਸਿਮਰਤ ਤੇ ਸੰਨੀ ਦਿਓਲ ਦੇ ਹਲਕੇ 'ਚ ਅੱਜ ਗਰਜੇਗੀ ਪ੍ਰਿਯੰਕਾ ਗਾਂਧੀ

05/14/2019 8:59:57 AM

ਲੁਧਿਆਣਾ, (ਹਿਤੇਸ਼)— ਪ੍ਰਿਯੰਕਾ ਗਾਂਧੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਸਬੰਧੀ ਕਾਂਗਰਸੀਆਂ ਦੀ ਮੰਗ ਮੰਨ ਲਈ ਹੈ ਅਤੇ ਉਹ ਮੰਗਲਵਾਰ ਨੂੰ ਬਠਿੰਡਾ ਤੇ ਗੁਰਦਾਸਪੁਰ ਪੁੱਜ ਰਹੀ ਹੈ, ਜਿੱਥੇ ਪਹਿਲਾਂ ਮੋਦੀ ਅਤੇ ਸ਼ਾਹ ਵਲੋਂ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।

ਇਥੇ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਵੋਟਿੰਗ ਲਈ ਸਿਰਫ 5 ਦਿਨ ਬਾਕੀ ਰਹਿ ਗਏ ਹਨ ਅਤੇ ਉਸ ਤੋਂ ਪਹਿਲਾਂ 17 ਮਈ ਨੂੰ ਚੋਣ ਪ੍ਰਚਾਰ 'ਤੇ ਰੋਕ ਲੱਗ ਜਾਵੇਗੀ, ਜੇਕਰ ਪੰਜਾਬ ਦੀਆਂ ਚੋਣਾਂ ਵਿਚ ਹੁਣ ਤੱਕ ਹੋਈਆਂ ਦਿੱਗਜਾਂ ਦੀਆਂ ਰੈਲੀਆਂ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਵੀ ਨਵਾਂਸ਼ਹਿਰ ਵਿਚ ਰੈਲੀ ਕਰ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਅਗਲੇ 5 ਦਿਨ ਤਕ ਪ੍ਰਚਾਰ ਕਰਨ ਲਈ ਪੰਜਾਬ ਪੁੱਜ ਚੁੱਕੇ ਹਨ।
 

 

ਹਾਲਾਂਕਿ ਰਾਹੁਲ ਗਾਂਧੀ ਵਲੋਂ 15 ਮਈ ਨੂੰ ਫਰੀਦਕੋਟ ਅਤੇ ਲੁਧਿਆਣਾ ਵਿਚ ਵੀ ਰੈਲੀਆਂ ਰੱਖੀਆਂ ਗਈਆਂ ਹਨ ਪਰ ਪੰਜਾਬ ਦੇ ਕਾਂਗਰਸੀਆਂ ਵਲੋਂ ਪ੍ਰਿਯੰਕਾ ਗਾਂਧੀ ਨੂੰ ਭੇਜਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਕਬੂਲਦੇ ਹੋਏ ਉਨ੍ਹਾਂ ਨੇ ਪੰਜਾਬ ਲਈ 14 ਮਈ ਦਾ ਸ਼ਡਿਊਲ ਦਿੱਤਾ ਹੈ।
ਇਸ ਦੌਰਾਨ ਪ੍ਰਿਯੰਕਾ ਗਾਂਧੀ ਦੀ ਬਠਿੰਡਾ ਵਿਚ ਰੈਲੀ ਅਤੇ ਗੁਰਦਾਸਪੁਰ ਵਿਚ ਰੋਡ ਸ਼ੋਅ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ ਬਠਿੰਡਾ ਸੀਟ 'ਤੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਹੈ ਅਤੇ ਗੁਰਦਾਸਪੁਰ ਵਿਚ ਸੰਨੀ ਦਿਓਲ ਦੇ ਸਾਹਮਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸ਼ਾਖ ਦਾਅ 'ਤੇ ਲੱਗੀ ਹੋਈ ਹੈ।


ਸਿੱਧੂ ਨੂੰ ਲੈ ਕੇ ਦੁਚਿੱਤੀ ਬਰਕਰਾਰ
ਨਵਜੋਤ ਸਿੰਘ ਸਿੱਧੂ ਵੈਸੇ ਤਾਂ ਪੂਰੇ ਦੇਸ਼ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਘੁੰਮ ਰਹੇ ਹਨ ਪਰ ਪੰਜਾਬ ਵਿਚ ਹੁਣ ਤਕ ਉਨ੍ਹਾਂ ਦੀ ਇਕ ਵੀ ਰੈਲੀ ਨਹੀਂ ਹੋਈ। ਇਸ ਸਬੰਧੀ ਸਿੱਧੂ ਵਲੋਂ ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਚਾਹੇ ਆਸ਼ਾ ਕੁਮਾਰੀ ਨੇ ਸਿੱਧੂ ਦਾ ਸ਼ਡਿਊਲ ਹਾਈਕਮਾਨ ਵਲੋਂ ਤੈਅ ਕਰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਰੈਲੀ ਲਈ ਸਮਾਂ ਮੰਗਣ ਦੀ ਗੱਲ ਕਹੀ ਹੈ ਪਰ ਹੁਣ ਤਕ ਸਿੱਧੂ ਦੀ ਪੰਜਾਬ 'ਚ ਰੈਲੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਨ ਵਲੋਂ 16 ਮਈ ਤਕ ਤੈਅ ਕੀਤੇ ਗਏ ਸਿੱਧੂ ਦੇ ਪ੍ਰੋਗਰਾਮ ਵਿਚ ਪੰਜਾਬ ਦਾ ਨਾਂ ਸ਼ਾਮਲ ਨਹੀਂ ਹੈ ਅਤੇ ਉਹ ਆਖਰੀ ਦਿਨ ਸਿਰਫ ਅੰਮ੍ਰਿਤਸਰ ਵਿਚ ਪੁੱਜ ਸਕਦੇ ਹਨ।


Related News