ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹੈ ਪੰਜਾਬ ਸਰਕਾਰ ਦਾ ਸਕੂਲ ਆਫ ਐਮੀਨੈਂਸ

Tuesday, Sep 17, 2024 - 03:35 PM (IST)

ਜਲੰਧਰ : ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਕ ਸੂਬੇ ਦੇ ਸਕੂਲਾਂ ਲਈ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਦੀਆਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੀਆਂ ਸਹੂਲਤਾਂ ਸਦਕਾ ਇਨ੍ਹਾਂ ਸਕੂਲਾਂ ਵਿਚ ਵੱਡੇ ਪੱਧਰ 'ਤੇ ਵਿਦਿਆਰਥੀ ਦਾਖਲੇ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਆਫ ਐਮੀਨੈਂਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਜਿਹੇ ਸਕੂਲ ਹਨ, ਜਿੱਥੇ ਜੱਜ, ਡੀ. ਸੀ. ਅਤੇ ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਇਕੋ ਛੱਤ ਹੇਠਾਂ ਇਕੋ ਕਲਾਸ ਵਿਚ ਬੈਠੇ ਕੇ ਸਿੱਖਿਆ ਹਾਸਲ ਕਰਨ। ਮਾਨ ਨੇ ਕਿਹਾ ਕਿ ਪੰਜਾਬ 'ਚ ਸਿੱਖਿਆ ਦੇ ਖੇਤਰ 'ਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦ ਸਿੱਖਿਆ ਦੇ ਖੇਤਰ 'ਚ ਪੰਜਾਬ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਵੇਗਾ। ਸਕੂਲ ਆਫ ਐਮੀਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੋ ਸਗੋਂ ਇਸ ਦੇ ਸ਼ਾਨਦਾਰ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ, ਬਾਥਰੂਮ ਵੀ ਸ਼ਾਮਲ ਹੈ। 

ਸਕੂਲ ਆਫ਼ ਐਮੀਨੈਂਸ ਇਕ ਅਜਿਹਾ ਮਾਡਲ, ਜਿਸ ਨੂੰ ਸਿਰਫ਼ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਦੁਹਰਾਇਆ ਜਾ ਸਕਦਾ ਹੈ। ਸਕੂਲ ਆਫ ਐਮੀਨੈਂਸ ਸੰਕਲਪ ਰਵਾਇਤੀ ਅਧਿਆਪਨ ਵਿਧੀਆਂ ਤੋਂ ਪਰ੍ਹੇ ਹਨ। ਇਹ ਅਤਿ-ਆਧੁਨਿਕ ਸਿੱਖਿਆ, ਬੁਨਿਆਦੀ ਢਾਂਚੇ ਤੇ ਵਿਦਿਆਰਥੀ ਵਿਕਾਸ ਲਈ ਸੰਪੂਰਨ ਪਹੁੰਚ ਦੀ ਬੁਨਿਆਦ ’ਤੇ ਬਣਾਏ ਗਏ ਹਨ। ਇਹ ਸਕੂਲ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ।

ਬੱਚਿਆਂ ਲਈ ਲਗਾਈਆਂ ਗਈਆਂ ਬੱਸਾਂ

ਪੰਜਾਬ ਸਰਕਾਰ ਵਲੋਂ ਬੱਚਿਆਂ ਦੀ ਸਹੂਲਤ ਲਈ ਇਨ੍ਹਾਂ ਸਕੂਲ ਵਿਚ ਬੱਸਾਂ ਵੀ ਲਗਾਈਆਂ ਗਈਆਂ ਹਨ। ਦੂਰ ਦੁਰੇੜਿਓਂ ਆਉਣ ਵਾਲੇ ਬੱਚਿਆਂ ਲਈ ਫਰੀ ਬੱਸ ਲਗਾਈ ਗਈ ਹੈ ਜੋ ਸਵੇਰੇ ਬੱਚਿਆਂ ਨੂੰ ਲੈ ਕੇ ਆਉਂਦੀ ਹੈ ਅਤੇ ਛੁੱਟੀ ਤੋਂ ਬਾਅਦ ਘਰ ਛੱਡ ਕੇ ਆਉਂਦੀ ਹੈ। ਇਸ ਨਾਲ ਮਾਪੇ ਅਤੇ ਬੱਚਿਆਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੋ ਰਹੀ ਹੈ। 


Gurminder Singh

Content Editor

Related News