ਜਨਮ ਅਸ਼ਟਮੀ ਦੀ ਛੁੱਟੀ ’ਤੇ ਪ੍ਰਾਈਵੇਟ ਅਤੇ ਸਰਕਾਰੀ ਬੱਸ ਆਪ੍ਰੇਟਰਾਂ ਦੀ ਲੱਗੀ ਮੌਜ
Thursday, Aug 13, 2020 - 08:06 AM (IST)
ਜਲੰਧਰ, (ਪੁਨੀਤ)–ਜਨਮ ਅਸ਼ਟਮੀ ਦੀ ਸਰਕਾਰੀ ਅਤੇ ਕਈ ਪ੍ਰਾਈਵੇਟ ਸੰਸਥਾਨਾਂ ਵਿਚ ਛੁੱਟੀ ਦਾ ਬੱਸ ਆਪ੍ਰੇਟਰਾਂ ਨੂੰ ਖੂਬ ਫਾਇਦਾ ਹੋਇਆ ਕਿਉਂਕਿ ਉਮੀਦ ਤੋਂ ਜ਼ਿਆਦਾ ਬੱਸਾਂ ਚੱਲੀਆਂ ਅਤੇ ਯਾਤਰੀਆਂ ਦੀ ਭੀੜ ਬੱਸ ਅੱਡੇ ’ਤੇ ਦੇਖਣ ਨੂੰ ਮਿਲੀ। ਕੁਲ ਮਿਲਾ ਕੇ ਵੱਖ-ਵੱਖ ਰੂਟਾਂ ’ਤੇ ਦੌੜੀਆਂ 328 ਦੇ ਕਰੀਬ ਬੱਸਾਂ ਵਿਚ 4200 ਯਾਤਰੀ ਰਵਾਨਾ ਹੋਏ, ਜਿਸ ਨਾਲ ਬੱਸ ਆਪ੍ਰੇਟਰਾਂ ਦੀ ਮੌਜ ਲੱਗ ਗਈ। ਬਾਰਿਸ਼ ਆਉਣ ਅਤੇ ਮੌਸਮ ਠੰਡਾ ਹੋਣ ਕਾਰਣ ਦੂਸਰੇ ਸ਼ਹਿਰਾਂ ਵਿਚ ਜਾਣ ਵਾਲੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ, ਜਿਸ ਕਾਰਣ ਯਾਤਰੀ ਵੱਡੀ ਗਿਣਤੀ ਵਿਚ ਸਫਰ ਕਰਦੇ ਦੇਖੇ ਗਏ। ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਰੋਡਵੇਜ਼ ਦੀਆਂ 185 ਬੱਸਾਂ ਵਿਚ 2140, ਪਨਬੱਸ ਦੀਆਂ 13 ਬੱਸਾਂ ਵਿਚ 1160, ਜਦਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ 130 ਬੱਸਾਂ ਵਿਚ 1950 ਤੋਂ ਜ਼ਿਆਦਾ ਯਾਤਰੀ ਬੱਸ ਅੱਡੇ ਤੋਂ ਰਵਾਨਾ ਹੋਏ। ਯਾਤਰੀਆਂ ਦਾ ਇਹ ਅੰਕੜਾ ਬੱਸ ਅੱਡੇ ਤੋਂ ਨਿਕਲਣ ਵਾਲੀਆਂ ਬੱਸਾਂ ਨਾਲ ਸਬੰਧਤ ਹੈ। ਜ਼ਿਆਦਾਤਰ ਬੱਸਾਂ ਬੱਸ ਅੱਡੇ ਤੋਂ ਨਿਕਲਣ ਤੋਂ ਬਾਅਦ ਫਲਾਈਓਵਰ ਦੇ ਹੇਠਾਂ ਰੁਕ ਜਾਂਦੀਆਂ ਹਨ ਜੋ ਉਥੋਂ ਵੀ ਸਵਾਰੀਆਂ ਉਠਾਉਂਦੀਆਂ ਹਨ।
ਜਲੰਧਰ ਦੇ ਡਿਪੂਆਂ ਤੋਂ ਹੋਈ 1 ਲੱਖ ਤੋਂ ਜ਼ਿਆਦਾ ਦੀ ਕੁਲੈਕਸ਼ਨ
ਜਲੰਧਰ ਦੇ ਦੋਵਾਂ ਡਿਪੂਆਂ ਤੋਂ ਅੱਜ 1 ਲੱਖ ਤੋਂ ਜ਼ਿਆਦਾ ਦੀ ਕੁਲੈਕਸ਼ਨ ਹੋਈ। ਜਲੰਧਰ ਡਿਪੂ-1 ਵਲੋਂ ਚਲਾਈਆਂ ਗਈਆਂ 37 ਬੱਸਾਂ ਤੋਂ 64946 ਰੁਪਏ, ਜਦਕਿ ਡਿਪੂ-2 ਦੀਆਂ ਬੱਸਾਂ ਤੋਂ 36890 ਰੁਪਏ ਪ੍ਰਾਪਤ ਹੋਏ।
ਇੰਟਰਨੈਸ਼ਨਲ ਏਅਰਪੋਰਟ ਲਈ ਅੱਜ ਵੀ ਨਹੀਂ ਗਈ ਕੋਈ ਬੱਸ
ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਹੋਈ ਗਿਰਾਵਟ ਕਾਰਣ ਅੰਮ੍ਰਿਤਸਰ ਅਤੇ ਮੋਹਾਲੀ ਦੇ ਇੰਟਰਨੈਸ਼ਨਲ ਏਅਰਪੋਰਟਾਂ ’ਤੇ ਰੋਡਵੇਜ਼ ਦੀਆਂ ਬੱਸਾਂ ਨਹੀਂ ਭੇਜੀਆਂ ਜਾ ਰਹੀਆਂ। ਲਗਭਗ ਇਕ ਹਫਤਾ ਪਹਿਲਾਂ ਵਿਦੇਸ਼ੀ ਫਲਾਈਟ ਵਿਚ ਆਉਣ ਵਾਲੇ ਜਲੰਧਰ ਜ਼ਿਲੇ ਨਾਲ ਸਬੰਧਤ ਯਾਤਰੀਆਂ ਨੂੰ ਲਿਆਉਣ ਲਈ ਬੱਸਾਂ ਭੇਜੀਆਂ ਜਾਂਦੀਆਂ ਸਨ।