ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਨਮਾਨਤ

Friday, Mar 09, 2018 - 07:31 AM (IST)

ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਨਮਾਨਤ

ਤਰਨਤਾਰਨ,  (ਬਲਵਿੰਦਰ ਕੌਰ, ਰਾਜੂ)-  ਭਰੂਣ ਹੱਤਿਆ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੜਕੀਆਂ ਪ੍ਰਤੀ ਸਮਾਜਕ ਸੋਚ 'ਚ ਤਬਦੀਲੀ ਲਿਆਉਣ ਦੇ ਸੰਦੇਸ਼ ਨੂੰ
ਜ਼ਿਲਾ ਤਰਨਤਾਰਨ 'ਚ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਅਤੇ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਲਈ ਦੇਸ਼ ਦੇ ਪਹਿਲੇ 10 ਜ਼ਿਲਿਆਂ 'ਚ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਮਹਿਲਾ ਦਿਵਸ ਮੌਕੇ 'ਤੇ ਝੂਨਝਨੂ ਰਾਜਸਥਾਨ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਸਨਮਾਨਤ ਕੀਤਾ ਗਿਆ। 
ਇਸ ਮੌਕੇ ਪਿਛਲੇ ਸਮੇਂ 'ਚ ਡਿਪਟੀ ਕਮਿਸ਼ਨਰ ਤਰਨਤਾਰਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਇੰਜੀਨੀਅਰ ਡੀ. ਪੀ. ਐੱਸ ਖਰਬੰਦਾ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤਰਨਤਾਰਨ ਵੱਲੋਂ ਜ਼ਿਲੇ 'ਚ 'ਬੇਟੀ ਬਚਾਓ, ਬਟੀ ਪੜ੍ਹਾਓ' ਮੁਹਿੰਮ ਤਹਿਤ ਵੱਡੇ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮਾਂ ਅਤੇ ਸਮਾਜਿਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਅਜੋਕੇ ਯੁੱਗ 'ਚ ਲੜਕੀਆਂ ਪ੍ਰਤੀ ਸਮਾਜਕ ਸੋਚ 'ਚ ਤਬਦੀਲੀ ਲਿਆਂਦੀ ਜਾ ਸਕੇ। ਇਨ੍ਹਾਂ ਗਤੀਵਿਧੀਆਂ ਤੇ ਪ੍ਰੋਗਰਾਮਾਂ ਸਦਕਾ ਹੀ ਜ਼ਿਲੇ 'ਚ ਲਿੰਗ ਅਨਪਾਤ 'ਚ ਕਾਫੀ ਸੁਧਾਰ ਆਇਆ ਹੈ। ਸਾਲ 2016-17 ਦੌਰਾਨ 1000 ਲੜਕਿਆਂ ਪਿੱਛੇ ਲੜਕੀਆਂ ਦੀ ਜਨਮ ਦਰ ਵਧ ਕੇ 899 ਹੋ ਗਈ ਹੈ, ਜੋ ਕਿ 2015-16 ਦੌਰਾਨ 880 ਸੀ। 
ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ 'ਚ ਲੜਕੀਆਂ ਦੀ ਜਨਮ ਦਰ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਲਿੰਗ ਅਨੁਪਾਤ 'ਚ ਹੋਰ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। 


Related News