ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਚੁਣੀ 8 ਤਰੀਕ

Friday, Aug 09, 2019 - 09:55 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਚੁਣੀ 8 ਤਰੀਕ

ਜਲੰਧਰ (ਧਵਨ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮਸਲੇ ਨੂੰ ਲੈ ਕੇ ਰਾਸ਼ਟਰ ਨੂੰ ਸੰਬੋਧਨ ਕਰਨ ਲਈ ਫਿਰ 8 ਤਰੀਕ ਦੀ ਚੋਣ ਕੀਤੀ ਹੈ। ਕੀ ਇਹ ਸਿਰਫ ਸੰਯੋਗ ਹੈ ਜਾਂ ਫਿਰ ਇਸ ਦੇ ਪਿੱਛੇ ਜੋਤਿਸ਼ੀ ਕਾਰਨ ਹੈ। ਚੰਡੀਗੜ੍ਹ ਦੇ ਜੋਤਿਸ਼ੀ ਮਦਨ ਗੁਪਤਾ ਸਪਾਟ ਅਨੁਸਾਰ ਧਾਰਾ-370 ਨੂੰ ਖਤਮ ਕਰਨ ਮਗਰੋਂ ਪਹਿਲੀ ਵਾਰ ਰਾਸ਼ਟਰ ਦੇ ਸਾਹਮਣੇ ਪੇਸ਼ ਹੋਏ ਮੋਦੀ ਨੇ ਟ੍ਰਿਪਲ 8 ਦੀ ਚੋਣ ਕੀਤੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮੋਦੀ 7 ਤਰੀਕ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਟ੍ਰਿਪਲ 8 ਅੰਕਾਂ ਦੀ ਚੋਣ ਕਰ ਕੇ ਮੋਦੀ ਨੇ ਸਾਬਿਤ ਕਰ ਦਿੱਤਾ ਕਿ ਉਹ ਕੋਈ ਕੰਮ ਕਰਦੇ ਸਮੇਂ ਜੋਤਿਸ਼ ਸਲਾਹ ਜ਼ਰੂਰ ਮੰਨਦੇ ਹਨ। ਉਨ੍ਹਾਂ ਦੇ ਜੀਵਨ 'ਚ 8 ਤੇ 5 ਅੰਕ ਦਾ ਖਾਸ ਮਹੱਤਵ ਰਿਹਾ ਹੈ। 8 ਅੰਕ ਸ਼ਨੀ ਗ੍ਰਹਿ ਨਾਲ ਜੁੜਿਆ ਹੈ, ਕਿਉਂਕਿ ਉਨ੍ਹਾਂ ਦਾ ਜਨਮ 17 ਤਰੀਕ ਨੂੰ ਹੋਇਆ ਸੀ, ਜਿਸ ਦਾ ਜੋੜ 8 ਅੰਕ ਬਣਦਾ ਹੈ। ਮੋਦੀ ਦੀ ਜਨਮ ਤਰੀਕ 17 ਸਤੰਬਰ 1950 ਹੈ, ਜਿਸ ਦਾ ਕੁੱਲ ਜੋੜ 5 ਅੰਕ ਬਣਦਾ ਹੈ। ਇਹ ਵੀ 17ਵੀਂ ਲੋਕ ਸਭਾ ਹੈ, ਜਿਸ ਦਾ ਜੋੜ 8 ਹੈ। ਇਸ ਤੋਂ ਪਹਿਲਾਂ ਮੋਦੀ ਨੇ ਜਦੋਂ ਪਿਛਲੀ ਸਰਕਾਰ ਦੇ ਸਮੇਂ ਦੇਸ਼ 'ਚ ਨੋਟਬੰਦੀ ਨੂੰ ਲਾਗੂ ਕੀਤਾ ਸੀ ਤਾਂ ਇਸ ਦਾ ਐਲਾਨ 8 ਤਰੀਕ ਨੂੰ ਰਾਤ 8 ਵਜੇ ਕੀਤਾ ਗਿਆ ਸੀ। ਬਾਲਾਕੋਟ 'ਚ ਏਅਰ ਸਟ੍ਰਾਈਕ 26 ਫਰਵਰੀ ਨੂੰ ਕੀਤੀ ਗਈ ਅਤੇ 26 ਦਾ ਜੋੜ 8 ਅੰਕ ਬਣਦਾ ਹੈ।

ਏਅਰ ਸਟ੍ਰਾਈਕ ਦਾ ਸਮਾਂ 3.32 ਵਜੇ ਸਵੇਰੇ ਦਾ ਸੀ, ਜਿਸ ਦਾ ਕੁੱਲ ਜੋੜ ਵੀ 8 ਅੰਕ ਬਣਦਾ ਹੈ। ਨਰਿੰਦਰ ਮੋਦੀ ਅੰਗਰੇਜ਼ੀ ਦੇ ਅੱਖਰਾਂ ਦਾ ਕੁੱੱਲ ਜੋੜ ਵੀ 8 ਅੰਕ ਹੀ ਬਣਦਾ ਹੈ। ਪਿਛਲੀ ਸਰਕਾਰ ਵਿਚ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਵੀ 26 ਤਰੀਕ ਨੂੰ ਚੁੱਕੀ ਸੀ, ਜਿਸ ਦਾ ਜੋੜ ਵੀ 8 ਹੀ ਬਣਦਾ ਹੈ। ਗੁਜਰਾਤ ਵਿਚ ਚੌਥੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ 26 ਦਸੰਬਰ 2012 ਵਿਚ ਚੁੱਕੀ ਸੀ ਅਤੇ ਉਸ ਸਮੇਂ ਵੀ ਜੋੜ 8 ਅੰਕ ਬਣਿਆ ਸੀ। ਦੇਸ਼ ਵਿਚ ਇਸ ਵਾਰ ਮੋਦੀ 14ਵੇਂ ਪ੍ਰਧਾਨ ਮੰਤਰੀ ਬਣੇ ਹਨ, ਜਿਸ ਦਾ ਜੋੜ ਵੀ 5 ਅੰਕ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੋਦੀ ਜਿੰਨਾ ਮਰਜ਼ੀ ਕਹਿਣ ਕਿ ਉਹ ਜੋਤਿਸ਼ੀ ਸਲਾਹ ਤੋਂ ਦੂਰ ਹਨ ਪਰ ਅਸਲੀਅਤ ਤਾਂ ਇਹ ਹੀ ਹੈ ਕਿ ਅਹਿਮ ਕੰਮ ਜੋਤਿਸ਼ੀ ਸਲਾਹ ਤੋਂ ਬਾਅਦ ਹੀ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਅੰਕ ਸ਼ਾਸਤਰ ਵਿਚ 8 ਅੰਕ ਦਾ ਸਵਾਮੀ ਸ਼ਨੀ ਗ੍ਰਹਿ ਹੁੰਦਾ ਹੈ। ਇਹ ਜੀਵਨ ਵਿਚ ਬਹੁਤ ਸੰਘਰਸ਼ ਕਰਵਾਉਂਦਾ ਹੈ। ਸ਼ਨੀ ਸ਼ਕਤੀ ਦਾ ਵੀ ਪ੍ਰਤੀਕ ਹੈ। ਇਸ ਅੰਕ ਦਾ ਇਕ ਨਾਕਾਰਾਤਮਕ ਪਹਿਲੂ ਇਹ ਹੈ ਕਿ ਵਿਅਕਤੀ ਬੇਹੱਦ ਜ਼ਿੱਦੀ ਸੁਭਾਅ ਦਾ ਹੁੰਦਾ ਹੈ। ਮੋਦੀ ਦੀ ਕੁੰਡਲੀ 'ਚ ਲਗਨ ਵੀ 8 ਹੈ ਤੇ 8ਵੀਂ ਰਾਸ਼ੀ ਬ੍ਰਿਸ਼ਚਿਕ ਹੈ, ਜਿਸ 'ਤੇ ਸ਼ਨੀ ਦੀ ਸਾੜ੍ਹਸਤੀ ਚੱਲ ਰਹੀ ਹੈ। ਸਾੜ੍ਹਸਤੀ ਵਿਚ ਹੀ ਉਹ ਦੁਬਾਰਾ ਪ੍ਰਧਾਨ ਮੰਤਰੀ ਬਣੇ ਹਨ। ਸ਼ਨੀ ਨੂੰ ਪ੍ਰਸੰਨ ਕਰਨ ਦੇ ਕੰਮ ਮੋਦੀ ਕਾਫੀ ਸਮੇਂ ਤੋਂ ਕਰਦੇ ਆ ਰਹੇ ਹਨ। ਜਿਵੇਂ ਸ਼ਨੀ ਦੇ ਅਨੁਸਾਰ ਕਾਲੇ ਕੱਪੜੇ ਪਾ ਕੇ ਗੰਗਾ ਇਸ਼ਨਾਨ ਕੀਤਾ ਸੀ, ਦਲਿਤਾਂ ਦੇ ਚਰਨ ਛੋਹੇ ਸਨ।


author

rajwinder kaur

Content Editor

Related News