ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰਨ : ਬੀਬੀ ਜਗੀਰ ਕੌਰ

12/24/2020 1:19:49 AM

ਮਾਛੀਵਾੜਾ ਸਾਹਿਬ,(ਟੱਕਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘਾਂ ਦੀ ਸ਼ਹਾਦਤ ਦਾ ਪੰਦਰਵਾੜਾ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਦਿੱਲੀ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਇਕ ਸੱਚੀ ਸ਼ਰਧਾਂਜਲੀ ਦੇਵੇ। ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਨਾਲ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਨਿਮਾਣੀ ਜਿਹੀ ਸਹਾਇਤਾ ਕਰਦਿਆਂ ਪਰਿਵਾਰ ਨੂੰ 1-1 ਲੱਖ ਰੁਪਏ ਭੇਟ ਕੀਤਾ ਜਾ ਰਿਹਾ ਹੈ। ਉਥੇ ਨਾਲ ਹੀ ਸਿੰਘੂ ਬਾਰਡਰ ’ਤੇ ਸ਼੍ਰੋਮਣੀ ਕਮੇਟੀ ਹਰ ਸੰਭਵ ਸੇਵਾ ਕਰ ਰਹੀ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਪਾਵਨ ਸਰੂਪਾਂ ਦੇ ਭਖਦੇ ਮਾਮਲੇ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਰਿਕਾਰਡ ’ਚ ਦਰਜ ਕੀਤੇ ਬਿਨਾ 328 ਸਰੂਪ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਭੇਟ ਕਰ ਦਿੱਤੇ, ਜਿਨ੍ਹਾਂ ਦੀ ਭੇਟਾ ਤੇ ਰਿਕਾਰਡ ਦਰਜ ਨਹੀਂ ਕੀਤਾ ਪਰ ਕੁਝ ਵਿਅਕਤੀਆਂ ਵਲੋਂ ਇਸ ਨੂੰ ਗਲਤ ਰੰਗਤ ਦੇ ਦਿੱਤੀ ਗਈ ਹੈ।
ਪਿਛਲੇ ਕਈ ਮਹੀਨਿਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕਾਰਜਕਾਰੀ ਤੌਰ ’ਤੇ ਕੰਮ ਕਰ ਰਹੇ ਹਨ ਜਥੇਦਾਰ ਦੀ ਪੱਕੀ ਤੌਰ ’ਤੇ ਨਿਯੁਕਤੀ ਕਿਉਂ ਨਹੀਂ ਹੋ ਰਹੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵੱਡਾ ਫੈਸਲਾ ਹੈ ਅਤੇ ਇਸ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਸਿਧਾਂਤਕ ਤੌਰ ’ਤੇ ਪਰਪੱਕ ਹੋਣਾ ਚਾਹੀਦਾ ਹੈ, ਇਸ ਲਈ ਕਈ ਵਾਰ ਪ੍ਰਕਿਰਿਆ ਮੁਕੰਮਲ ਹੋਣ ਨੂੰ ਸਮਾਂ ਲੱਗ ਜਾਂਦਾ ਹੈ।


Deepak Kumar

Content Editor

Related News