ਪ੍ਰਧਾਨ ਮੰਤਰੀ ਆਵਾਸ ਯੋਜਨਾ : ਸੂਬਾ ਸਰਕਾਰ ਦੇ ਕੰਮ ਤੋਂ ਕੇਂਦਰ ਨਾ-ਖੁਸ਼
Friday, Nov 15, 2019 - 05:28 PM (IST)

ਚੰਡੀਗੜ੍ਹ : ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਸੂਬੇ ਵਿਚ ਸਹੀ ਢੰਗ ਨਾਲ ਲਾਗੂ ਨਾ ਕਰਨ ਦੇ ਚੱਲਦੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ। ਮੰਤਰਾਲੇ ਵਲੋਂ ਪਿਛਲੇ ਮਹੀਨੇ ਪ੍ਰੋਜੈਕਟ ਦੀ ਸਮੀਖਿਆ ਲਈ ਇਕ ਮੀਟਿੰਗ ਸੱਦੀ ਸੀ। ਕੇਂਦਰ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਪੀ. ਐੱਮ. ਏ. ਵਾਈ (ਸ਼ਹਿਰੀ) ਦੇ ਤਹਿਤ ਮਨਜ਼ੂਰ ਕੀਤੇ ਗਏ ਘਰਾਂ 'ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਸੂਬੇ ਭਰ ਵਿਚ 3.48 ਲੱਖ ਘਰਾਂ ਦੀ ਅਨੁਮਾਨਤ ਮੰਗ ਦੇ ਉਲਟ ਪੰਜਾਬ ਸਰਕਾਰ ਨੇ ਮਹਿਜ਼ 56,939 ਘਰਾਂ ਨੂੰ ਮਨਜ਼ੂਰੀ ਦਿੱਤੀ ਹੈ ਜੋ ਕਿ ਸਿਰਫ 16 ਫੀਸਦੀ ਬਣਦਾ ਹੈ ਜਦਕਿ ਇਸ ਯੋਜਨਾ ਨੂੰ ਸ਼ੁਰੂ ਹੋਇਆਂ ਨੂੰ 4 ਸਾਲ ਦਾ ਸਮਾਂ ਹੋ ਗਿਆ ਹੈ।
ਦੂਜੇ ਪਾਸੇ ਮਨਜ਼ੂਰਸ਼ੁਦਾ ਘਰਾਂ 'ਚੋਂ ਸਿਰਫ 2,833 ਹੀ ਮੁਕੰਮਲ ਹੋ ਚੁੱਕੇ ਹਨ ਅਤੇ ਹੋਰ 6,986 'ਤੇ ਕੰਮ ਵੱਖ ਵੱਖ ਪੜਾਵਾਂ ਵਿਚ ਚੱਲ ਰਿਹਾ ਹੈ ਜਦਕਿ 24,500 ਹੋਰ ਘਰਾਂ ਦੇ ਕੰਮ ਲਈ ਹੁਕਮ ਜਾਰੀ ਕੀਤੇ ਗਏ ਹਨ। ਕੇਂਦਰ ਮੰਤਰਾਲਾ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਕਰਕੇ ਨਾਰਾਜ਼ ਵਿਖ ਰਿਹਾ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਮੁਤਾਬਾਕ ਬੀਤੇ ਮਹੀਨੇ ਹੋਈ ਮੀਟਿੰਗ ਦਾ ਹਿੱਸਾ ਰਹੇ ਇਕ ਅਧਿਕਾਰੀ ਨੇ ਆਪਣੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਵਿਭਾਗ ਨੂੰ ਇਸ ਯੋਜਨਾ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਗਰੀਬ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ।