ਪ੍ਰਧਾਨ ਮੰਤਰੀ ਵਿੱਤ ਮੰਤਰਾਲੇ ਨੂੰ ਕਿਸਾਨਾਂ ਵਾਸਤੇ ਢੁਕਵਾਂ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ : ਸੁਖਬੀਰ

Sunday, Nov 01, 2020 - 12:41 AM (IST)

ਚੰਡੀਗੜ੍ਹ,(ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਕਰਜ਼ਿਆਂ 'ਤੇ ਪਿਛਲੇ 6 ਮਹੀਨਿਆਂ ਦੇ ਵਿਆਜ 'ਤੇ ਵਿਆਜ ਨੂੰ ਮੁਆਫ ਨਾ ਕਰਨ ਦੇ ਵਿਤਕਰੇ ਭਰਪੂਰ ਫੈਸਲੇ ਦੇ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਵਿੱਤ ਮੰਤਰਾਲਾ ਨੂੰ ਇਹ ਫੈਸਲਾ ਖਾਰਜ ਕਰਨ ਦੀ ਹਦਾਇਤ ਦੇਣ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਆਜ 'ਤੇ ਵਿਆਜ ਮੁਆਫ ਨਾ ਕਰਨ ਦੀ ਯੋਜਨਾ ਵਿਚ ਕਿਸਾਨਾਂ ਨੂੰ ਸ਼ਾਮਲ ਨਾ ਕੀਤੇ ਜਾਣ ਨੇ ਸਾਬਿਤ ਕਰ ਦਿੱਤਾ ਹੈ ਕਿ ਨੀਤੀ ਘਾੜੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਦੂਰ ਹਨ। ਇਹ ਭਾਰਤੀ ਲੋਕਤੰਤਰ ਵਿਚ ਬਹੁਤ ਹੀ ਮੰਦਭਾਗਾ ਦਿਨ ਹੋਵੇਗਾ ਜੇਕਰ ਨੀਤੀ ਘਾੜੇ ਖੇਤੀਬਾੜੀ ਖੇਤਰ ਤਕ ਪਹੁੰਚ ਕਰ ਕੇ ਕੋਰੋਨਾ ਨਾਲ ਕਿਸਾਨਾਂ ਨੂੰ ਪਈ ਮਾਰ ਤੋਂ ਅਣਜਾਣ ਰਹਿਣਗੇ। ਹਜ਼ਾਰਾਂ ਟਨ ਫਲ ਤੇ ਅਨਾਜ ਖੇਤਾਂ ਵਿਚ ਹੀ ਰੁਲ ਗਏ। ਕਿਸਾਨ, ਜਿਨ੍ਹਾਂ ਨੇ ਪੌਲੀ ਤੇ ਨੈੱਟ ਹਾਊਸਿਜ਼ ਵਾਸਤੇ ਨਿਵੇਸ਼ ਕੀਤਾ ਸੀ, ਨੂੰ ਵੱਡੇ ਨੁਕਸਾਨ ਝੱਲਣੇ ਪਏ ਕਿਉਂਕਿ ਜਿਣਸ ਮਹੀਨਿਆਂ ਤਕ ਮੰਡੀ ਵਿਚ ਨਹੀਂ ਲਿਜਾਈ ਸਕੀ। ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ ਆਦਿ ਨਾਲ ਜੁੜੇ ਹਰ ਵਿਅਕਤੀ ਦਾ ਵਿੱਤੀ ਨੁਕਸਾਨ ਹੋਇਆ ਹੈ। ਪੰਜਾਬ ਵਿਚ ਝੋਨਾ ਉਤਪਾਦਕਾਂ ਨੂੰ ਵੀ ਵੱਡੇ ਘਾਟੇ ਝੱਲਣੇ ਪਏ ਕਿਉਂਕਿ ਉਨ੍ਹਾਂ ਨੂੰ ਲੇਬਰ ਦੀਆਂ ਦੁੱਗਣੀਆਂ ਕੀਮਤਾਂ ਦੇਣੀਆਂ ਪਈਆਂ।

ਸੁਖਬੀਰ ਨੇ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਉਨ੍ਹਾਂ ਦੀ ਫਸਲੀ ਕਰਜ਼ਾ ਰਾਸ਼ੀ ਤੇ ਟਰੈਕਟਰ ਕਰਜ਼ਿਆਂ ਤੇ ਸਹਾਇਕ ਗਤੀਵਿਧੀਆਂ ਲਈ ਲਏ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸ਼ਤਾਂ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਵਿਆਜ 'ਤੇ ਵਿਆਜ ਮੁਆਫ ਕਰਨ ਦੀ ਸਹੂਲਤ ਦੇਣ ਲਈ ਤਿਆਰ ਨਹੀਂ ਹੈ। ਵਿੱਤ ਮੰਤਰਾਲਾ ਨੇ ਉਸ ਅੰਨਦਾਤਾ ਨਾਲ ਭੱਦਾ ਮਜ਼ਾਕ ਕੀਤਾ ਹੈ, ਜਿਸ ਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਹਾਮਾਰੀ ਵੇਲੇ ਦੇਸ਼ ਵਾਸਤੇ ਅਨਾਜ ਸਪਲਾਈ ਕੀਤਾ। ਸੁਖਬੀਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਵਿਤਕਰੇ ਭਰਪੂਰ ਨੀਤੀ ਨੂੰ ਵਾਪਸ ਲਏ ਜਾਣ ਲਈ ਹਦਾਇਤਾਂ ਦਿੱਤੀਆਂ ਜਾਣ ਅਤੇ ਬੈਂਕਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਜਾਣ, ਜਿਸ ਨਾਲ ਬੈਂਕ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਸਕਣ ਜੋ ਆਪਣੇ ਫਸਲੀ ਕਰਜ਼ਿਆਂ ਤੇ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨ ਤੇ ਵਿਆਜ ਭਰਨ ਤੋਂ ਅਸਮਰਥ ਹਨ।


Deepak Kumar

Content Editor

Related News