ਅੰਤ੍ਰਿੰਗ ਕਮੇਟੀ  ਦੀ ਇਕੱਤਰਤਾ ਉਪਰੰਤ SGPC ਪ੍ਰਧਾਨ ਦਾ ਅਹਿਮ ਬਿਆਨ

Monday, Apr 10, 2023 - 04:16 PM (IST)

ਅੰਤ੍ਰਿੰਗ ਕਮੇਟੀ  ਦੀ ਇਕੱਤਰਤਾ ਉਪਰੰਤ SGPC ਪ੍ਰਧਾਨ ਦਾ ਅਹਿਮ ਬਿਆਨ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਬੰਦੀ ਸਿੱਖਾਂ ਦੀ ਮੁਹਿੰਮ ਪਿਛਲੇ ਲੰਮੇ ਅਰਸੇ ਤੋਂ ਚੱਲਦੀ ਆ ਰਹੀ ਹੈ। ਇਹ ਮੁਹਿੰਮ ਕੁਝ ਹਾਲਾਤ ਕਰਨ ਹੌਲੀ ਹੋ ਗਈ ਸੀ। ਉਨ੍ਹਾਂ ਕਿਹਾ ਇਸ ਮੁਹਿੰਮ ਦੌਰਾਨ ਅੱਜ ਸਾਡੇ ਕੋਲ ਪੂਰੇ 25 ਲੱਖ ਪਰਫ਼ਾਰਮੇ ਤਿਆਰ ਹੋ ਕੇ ਆ ਗਏ ਹਨ। 

ਇਹ ਵੀ ਪੜ੍ਹੋ-  ਘਪਲਿਆਂ ਤੋਂ ਦੁਖੀ ਪੰਜਾਬ ਜੰਗਲਾਤ ਵਿਭਾਗ ਪੰਚਾਇਤਾਂ ਤੋਂ ਖ਼ਰੀਦੇਗਾ ਜ਼ਮੀਨ

ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਰਫ਼ਾਰਮੇ ਇਕੱਠੇ ਕਰਕੇ ਗਵਰਨਰ ਪੰਜਾਬ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰੋਫ਼ਾਰਮੇ ਰਾਜਪਾਲ ਨੂੰ ਸੌਂਪਣ ਤੋਂ ਇਕ ਦਿਨ ਪਹਿਲਾਂ ਸਿੱਖਾਂ ਦਾ ਇਕ ਵੱਡਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾਇਆ ਜਾਵੇਗਾ, ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਹੋਰ ਵੀ ਸਿੱਖ ਮੌਜੂਦ ਹੋਣਗੇ ਅਤੇ ਅਰਦਾਸ ਕਰਨ ਤੋਂ ਬਾਅਦ ਇਹ ਮੈਮੋਰੰਡਮ ਪੰਜਾਬ ਸਰਕਾਰ ਨੂੰ ਦੇਣ ਜਾਣਗੇ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲ 2023-24 ਲਈ ਵਜੀਫ਼ੇ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਸਾਲ ਕਰੋੜਾਂ ਰੁਪਏ ਵਜੀਫ਼ੇ ਵਜੋਂ ਦਿੱਤੇ ਜਾਂਦੇ ਹਨ। ਵਜੀਫ਼ਿਆਂ ਲਈ ਛੇਵੀਂ ਤੋਂ ਦਸਵੀਂ ਤੱਕ 3500 ਰੁਪਏ, ਗਿਆਰ੍ਹਵੀਂ ਤੋਂ ਬਾਰ੍ਹਵੀਂ ਤੱਕ 5000, ਗ੍ਰੈਜੂਏਟ ਪੱਧਰ ਲਈ 8000 ਅਤੇ ਪੋਸਟ ਗ੍ਰੈਜੂਏਸ਼ਨ ਲਈ 10000 ਰੁਪਏ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਨੌਜੁਆਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਵੀ ਸ਼੍ਰੋਮਣੀ ਕਮੇਟੀ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਮਕਸਦ ਲਈ ਖੋਲ੍ਹੀ  ਗਈ ਨਿਸ਼ਚੈ ਅਕੈਡਮੀ ਦੇ ਪਹਿਲੇ ਬੈਚ ਲਈ 11 ਗੁਰਸਿੱਖ ਵਿਦਿਆਰਥੀਆਂ ਦੀ ਚੋਣ ਕੀਤੀ ਜਾ ਚੱਕੀ ਹੈ। ਇਸ ਲਈ 167 ਨੌਜੁਆਨਾਂ ਨੇ ਲਿਖਤੀ ਪੇਪਰ ਦਿੱਤਾ ਸੀ, ਜਿਸ ਉਪਰੰਤ ਤਿੰਨ ਪੜਾਵਾਂ ਵਿਚ ਹੋਈ ਇੰਟਰਵਿਊ ਦੌਰਾਨ 11 ਸਿੱਖ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਦੁਬਾਰਾ ਵਿਦਿਆਰਥੀਆਂ ਪਾਸੋਂ ਦਰਖਾਸਤਾਂ ਮੰਗੀਆਂ ਜਾਣਗੀਆਂ, ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਇਸ ਅਕੈਡਮੀ ਵਿਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਸਕੇ। ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਤਿੰਨ ਫ਼ੀਸਦੀ ਮਹਿੰਗਾਈ ਭੱਤਾ ਦੇਣ ਦਾ ਵੀ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਇਸ ਦੌਰਾਨ ਐਡਵੋਕੇਟ ਧਾਮੀ ਨੇ ਬੀਤੇ ਦਿਨਾਂ ਅੰਦਰ ਪੰਜਾਬ ਵਿੱਚੋਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨੌਜੁਆਨਾਂ ਦੀ ਫੜੋ-ਫੜ੍ਹਾਈ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਸਰਕਾਰ-ਏ-ਖਾਲਸਾ ਦੇ ਝੰਡੇ ਅਤੇ ਸਿੱਖ ਰਿਆਸਤਾਂ ਦੇ ਨਿਸ਼ਾਨਾਂ ਨੂੰ ਵੱਖਵਾਦੀ ਸਮੱਗਰੀ ਵਜੋਂ ਪੇਸ਼ ਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਕੀਤੀ ਗਈ ਕਾਰਵਾਈ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਇਕ ਨੌਜੁਆਨ ਦੇ ਫੋਨ ਵਿੱਚੋਂ ਮਿਲੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਾਲ ਸਬੰਧਤ ਝੰਡੇ ਅਤੇ ਸਿੱਖ ਰਿਆਸਤਾਂ ਦੇ ਨਿਸ਼ਾਨਾਂ ਨੂੰ ਵੱਖਵਾਦੀ ਸਮੱਗਰੀ ਦੱਸਣ ਵਾਲੀ ਖੰਨਾ ਦੀ ਐੱਸਐੱਸਪੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ- ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਇਸ ਦੇ ਨਾਲ ਹੀ ਕੁਝ ਚੈਨਲਾਂ ਨੂੰ ਵੀ ਇਸ ਸਬੰਧੀ ਗਲਤ ਜਾਣਕਾਰੀਆਂ ਪੇਸ਼ ਕਰਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਬੇਕਸੂਰ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਲਈ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਜਨਤਕ ਤੌਰ ’ਤੇ ਅਪੀਲ ਕੀਤੀ ਗਈ ਸੀ। ਕਈ ਲੋਕਾਂ ਨੇ ਇਸ ਸਬੰਧੀ ਜਾਣਕਾਰੀ ਸਿੱਖ ਸੰਸਥਾ ਨੂੰ ਭੇਜੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਗ੍ਰਿਫ਼ਤਾਰ ਕਰਕੇ ਅਸਾਮ ਦੇ ਡਿਬਰੂਗੜ੍ਹ ਵਿਖੇ ਜੇਲ੍ਹ ’ਚ ਬੰਦ ਕੀਤੇ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਲਈ ਵੀ ਸ਼੍ਰੋਮਣੀ ਕਮੇਟੀ ਦੀ ਲੀਗਲ ਟੀਮ ਸਥਾਨਕ ਪੱਧਰ ’ਤੇ ਜਾ ਕੇ ਕਾਰਜ ਕਰ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News