SIR-2026 ਦੀਆਂ ਤਿਆਰੀਆਂ ਤੇਜ਼, DC ਮਿੱਤਲ ਨੇ ਪੋਲਿੰਗ ਬੂਥਾਂ ਦਾ ਕੀਤਾ ਨਿਰੀਖਣ
Monday, Jun 08, 2026 - 02:19 PM (IST)
ਮੋਹਾਲੀ (ਰਣਬੀਰ) : ਡੀ. ਸੀ.-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਬਲੌਂਗੀ, ਪੈਰਾਗਾਨ ਸਕੂਲ ਸੈਕਟਰ-71 ਤੇ ਮਿਲੇਨੀਅਮ ਸਕੂਲ ਫੇਜ਼-5, ਮੋਹਾਲੀ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ 25 ਜੂਨ, 2026 ਤੋਂ ਸ਼ੁਰੂ ਹੋਣ ਵਾਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.)-2026 ਦੀਆਂ ਤਿਆਰੀਆਂ ਤਹਿਤ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਬੂਥ ਲੈਵਲ ਅਫ਼ਸਰਾਂ (ਬੀ. ਐੱਲ. ਓਜ਼) ਅਤੇ ਮੌਕੇ ’ਤੇ ਮੌਜੂਦ ਵੋਟਰਾਂ ਨਾਲ ਗੱਲਬਾਤ ਕੀਤੀ ਤੇ ਮੁਹਿੰਮ ਦੀ ਪ੍ਰਗਤੀ ਦੀ ਵਿਸਥਾਰ ਪੂਰਵਕ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪਾਰਦਰਸ਼ੀ, ਵੋਟਰ ਸ਼ਮੂਲੀਅਤ ਤੇ ਗਲਤੀ-ਰਹਿਤ ਵੋਟਰ ਸੂਚੀ ਤਿਆਰ ਕਰਨ ਲਈ ਵੋਟਰਾਂ ਦਾ ਸਹੀ ਡਾਟਾ ਬਹੁਤ ਮਹੱਤਵਪੂਰਨ ਹੈ।
ਇਸ ਦੌਰਾਨ ਜੁਆਇੰਟ ਮੁੱਖ ਚੋਣ ਅਫ਼ਸਰ ਗੁਰਿੰਦਰਜੀਤ ਸਿੰਘ ਸੋਢੀ ਨੇ ਸਹਾਇਕ ਮੁੱਖ ਚੋਣ ਅਫ਼ਸਰ ਸੰਜੇ ਕੁਮਾਰ ਦੇ ਨਾਲ ਕ੍ਰਿਸਚੀਅਨਜ਼ ਪਬਲਿਕ ਸਕੂਲ, ਖਰੜ, ਬਲੌਂਗੀ ਅਤੇ ਮਿਲੇਨੀਅਮ ਸਕੂਲ ਫੇਜ਼-5 ਦਾ ਦੌਰਾ ਕਰਕੇ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੌਕੇ ’ਤੇ ਜਾਣਕਾਰੀ ਦਿੰਦਿਆਂ ਕੋਮਲ ਮਿੱਤਲ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ, 2026 ਤੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐੱਸ. ਏ. ਐੱਸ. ਨਗਰ ’ਚ ਕੁੱਲ 838 ਪੋਲਿੰਗ ਬੂਥ ਹਨ, ਜਿੱਥੇ 838 ਬੂਥ ਲੈਵਲ ਅਫ਼ਸਰ 83 ਸੈਕਟਰ ਅਫ਼ਸਰਾਂ ਦੀ ਨਿਗਰਾਨੀ ਹੇਠ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ 8,54,381 ਰਜਿਸਟਰਡ ਵੋਟਰਾਂ ਦੇ ਵੇਰਵਿਆਂ ਦੀ ਮੈਪਿੰਗ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕੁੱਲ ਵੋਟਰਾਂ ਵਿੱਚੋਂ 5,70,722 ਵੋਟਰਾਂ ਦੇ ਵੇਰਵਿਆਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕਿ ਕੁੱਲ ਵੋਟਰਾਂ ਦਾ 66.76 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮਕਸਦ ਵੋਟਰ ਸੂਚੀ ਦੀ ਸ਼ੁੱਧਤਾ ਤੇ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਸਾਰੇ ਯੋਗ ਵੋਟਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤੇ ਅਯੋਗ ਐਂਟਰੀਆਂ ਨੂੰ ਨਿਯਮਾਂ ਅਨੁਸਾਰ ਹਟਾਇਆ ਜਾ ਸਕੇ। ਇਸ ਮੌਕੇ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਗੋ ਸੁਰਿੰਦਰ ਕੁਮਾਰ ਵੀ ਮੌਜੂਦ ਸਨ।
