ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਮਗਰੋਂ ਅਕਾਲੀ ਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਵੱਡੇ ਸਵਾਲ
Saturday, Feb 25, 2023 - 04:18 PM (IST)
ਚੰਡੀਗੜ੍ਹ- ਬੀਤੇ ਦਿਨ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਮਾਮਲੇ ਨੂੰ ਲੈ ਕੇ ਐਲ. ਕੇ. ਯਾਦਵ ਦੀ ਅਗਵਾਈ ਵਾਲੀ ਸਿੱਟ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਵਿੱਚ ਮਦਦਗਾਰ ਦੱਸਿਆ ਗਿਆ ਹੈ। 7000 ਪੰਨਿਆਂ ਦੀ ਇਸ ਚਾਰਜਸ਼ੀਟ ਮਗਰੋਂ ਸਿਆਸੀ ਤੌਰ 'ਤੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ ਭਾਵੇਂ ਉਹ ਬਹਿਬਲ ਕਲਾਂ ਗੋਲੀਕਾਂਡ ਸੀ ਜਾਂ ਫ਼ਿਰ ਕੋਟਕਪੂਰਾ ਹੋਵੇ, ਉਸ 'ਚ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਯਤਨਸ਼ੀਲ ਰਿਹਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕਈ ਲੋਕ ਇਨ੍ਹਾਂ ਘਟਨਾਵਾਂ ਦਾ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹਨ ਪਰ ਅਸਲ ਦੋਸ਼ੀਆਂ ਨੂੰ ਸਿਰਫ਼ ਬਾਦਲ ਸਰਕਾਰ ਵੱਲੋਂ ਕਟਹਿਰੇ 'ਚ ਖੜ੍ਹੇ ਕਰਨ ਦੇ ਯਤਨ ਕੀਤੇ ਗਏ ਸਨ।
ਚੰਦੂਮਾਜਰਾ ਨੇ ਕਿਹਾ ਕਿ ਸਾਲ 2015 'ਚ ਵਾਪਰੀ ਕੋਟਕਪੂਰਾ ਘਟਨਾ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਦਾਇਰ ਚਾਰਜਸ਼ੀਟ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਧੱਕਾ ਹੈ, ਮੁਕੱਦਮਾ ਨਹੀਂ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਕਾਨੂੰਨੀ ਰਾਹ ਦੇ ਨਾਲ-ਨਾਲ ਲੋਕਾਂ ਦੀ ਕਚਹਿਰੀ 'ਚ ਵੀ ਡੱਟ ਕੇ ਮੁਕਾਬਲਾ ਕਰੇਗਾ।
ਇਹ ਵੀ ਪੜ੍ਹੋ- ਪਾਕਿਸਤਾਨ ’ਚ 75 ਸਾਲਾਂ ਅਹਿਮਦੀਆ ਭਾਈਚਾਰੇ ਦੇ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
ਚੰਦੂਮਾਜਰਾ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਦੀ ਚਰਚਾ ਵਿਧਾਨ ਸਭਾ 'ਚ ਹੋਈ ਸੀ ਜਾਂ ਫ਼ਿਰ ਵੱਖ-ਵੱਖ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੋਵੇ ਹਰ ਵਾਰ ਇਸ ਮੁੱਦੇ ਨੂੰ ਸਿਆਸੀ ਬਣਾਇਆ ਗਿਆ, ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਮੰਦਭਾਗੀ ਗੱਲ ਹੈ। ਸਾਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਜੋ ਕੱਲ੍ਹ ਚਾਰਜਸ਼ੀਟ ਪੇਸ਼ ਕੀਤੀ ਗਈ ਹੈ ਉਨ੍ਹਾਂ 'ਚ ਬਾਦਲਾਂ ਦਾ ਨਾਂ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਮੌਜੂਦਾ ਸਰਕਾਰ ਨੇ ਕਾਂਗਰਸ ਦੀ ਸਰਕਾਰ ਤੋਂ ਸਬਕ ਨਹੀਂ ਲਿਆ? ਉਨ੍ਹਾਂ ਕਿਹਾ ਕਿ ਅੱਜ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਚਾਰੇ ਪਾਸਿਓਂ ਘਿਰੀ ਹੋਈ ਹੈ। ਗਵਰਨਰ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਦਰਮਿਆਨ ਆਪਸੀ ਟਕਰਾਅ ਚੱਲ ਰਿਹਾ ਹੈ ਜਿਸ ਕਾਰਨ ਪੰਜਾਬ 'ਚ ਸਿਆਸੀ ਤਣਾਅ ਬਣਿਆ ਹੋਇਆ ਹੈ। ਦਰਅਸਲ ਪੰਜਾਬ ਸਰਕਾਰ ਕੁਝ ਦਿਨਾਂ ਦੀ ਸਰਕਾਰ ਹੈ ਤੇ ਇਨ੍ਹਾਂ ਨੂੰ ਆਪਣਾ ਭਵਿੱਖ ਨਜ਼ਰ ਆ ਚੁੱਕਾ ਹੈ।
ਕਾਨੂੰਨ ਅਵਸਥਾ ਨੂੰ ਲੈ ਕੇ ਕੱਸੇ ਤੰਜ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਮੁੱਦੇ ਹਨ ਜਿਨ੍ਹਾਂ ਨਾਲ ਕਾਨੂੰਨੀ ਅਵਸਥਾ ਵੀ ਡਗ-ਮਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਸਮੇਂ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬੀਤੇ ਦਿਨ ਅਜਨਾਲਾ 'ਚ ਜੋ ਕੁਝ ਵਾਪਰਿਆ ਉਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਚੰਦੂਮਾਜਰਾ ਨੇ ਇਨਵੈਸਟ ਪੰਜਾਬ ਸੰਮੇਲਨ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਇਸ ਨੂੰ ਬੇਸਿੱਟਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਵੇਂ ਹੀ BMW ਪ੍ਰਾਜੈਕਟ ਲਿਆਉਣ ਦੀ ਗੱਲ ਕਹੀ ਹੋਵੇ ਜਾਂ ਫ਼ਿਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਗੱਲ ਕੀਤੀ ਹੋਵੇ ਹੁਣ ਤੱਕ ਇਨ੍ਹਾਂ ਮਾਮਲਿਆਂ 'ਤੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ।
ਇਹ ਵੀ ਪੜ੍ਹੋ- PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁਲਤਵੀ ਹੋਈ ਅੰਗਰੇਜ਼ੀ ਦੀ ਪ੍ਰੀਖਿਆ
ਇਨਵੈਸਟ ਪੰਜਾਬ ਸੰਮੇਲਨ ਨੂੰ ਲੈ ਕੇ ਕਹੀ ਇਹ ਗੱਲ
ਚੰਦੂਮਾਜਰਾ ਨੇ ਇਨਵੈਸਟ ਪੰਜਾਬ ਸੰਮੇਲਨ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਇਸ ਨੂੰ ਬੇਸਿੱਟਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਵੇਂ ਹੀ BMW ਪ੍ਰਾਜੈਕਟ ਲਿਆਉਣ ਦੀ ਗੱਲ ਕਹੀ ਹੋਵੇ ਜਾਂ ਫ਼ਿਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਗੱਲ ਕੀਤੀ ਹੋਵੇ ਹੁਣ ਤੱਕ ਇਨ੍ਹਾਂ ਮਾਮਲਿਆਂ 'ਤੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।