ਨਾਰਵੇ ਸਰਕਾਰ ਨੇ ਸਿੱਖ ਭਾਵਨਾਵਾਂ ਵਲੂੰਧਰੀਆਂ : ਚੰਦੂਮਾਜਰਾ

Saturday, Aug 10, 2019 - 01:48 PM (IST)

ਨਾਰਵੇ ਸਰਕਾਰ ਨੇ ਸਿੱਖ ਭਾਵਨਾਵਾਂ ਵਲੂੰਧਰੀਆਂ : ਚੰਦੂਮਾਜਰਾ

ਫਤਿਹਗੜ੍ਹ ਸਾਹਿਬ (ਜਗਦੇਵ) : ਨਾਰਵੇ 'ਚ ਵੱਸਦੇ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਇਕ ਵਫ਼ਦ ਮਿਊਂਸੀਪਲ ਕੌਂਸਲਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ 'ਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲਿਆ। ਵਫਦ ਨੇ ਕਿਹਾ ਕਿ ਨਾਰਵੇ ਸਰਕਾਰ ਵਲੋਂ ਸਿੱਖ ਭਾਈਚਾਰੇ ਨੂੰ ਪਾਸਪੋਰਟ 'ਤੇ ਕੰਨਾਂ ਨੂੰ ਨੰਗੇ ਕਰ ਕੇ ਫੋਟੋ ਲਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ, ਜਿਸ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਾਰਵੇ ਸਰਕਾਰ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜਾਰੀ ਕੀਤੇ ਗਏ ਇਸ ਸਿੱਖ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਸਬੰਧ ਸਿੱਖਾਂ ਦੀ ਸ਼ਾਨ 'ਦਸਤਾਰ' ਨਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮੁੱਦੇ ਸਬੰਧੀ ਨਾਰਵੇ ਸਰਕਾਰ ਨਾਲ ਸੰਪਰਕ 'ਚ ਹੈ ਅਤੇ ਜਲਦੀ ਤੋਂ ਜਲਦੀ ਇਸ ਫੈਸਲੇ ਦਾ ਹੱਲ ਕੱਢਵਾ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਊਧਮ ਸਿੰਘ ਸਰਹੰਦ ਵੀ ਹਾਜ਼ਰ ਸਨ।


author

Babita

Content Editor

Related News