ਕਾਂਗਰਸ ਆਪਣੇ ਵਾਅਦਿਆਂ ਤੋਂ ਮੁਕਰੀ: ਚੰਦੂਮਾਜਰਾ
Thursday, Mar 21, 2019 - 06:19 PM (IST)

ਮੋਹਾਲੀ (ਜੱਸੋਵਾਲ)— ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 2 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਦੀ ਇਕ ਵੱਡੀ ਰੈਲੀ ਮੋਹਾਲੀ 'ਚ ਹੋਣ ਜਾ ਰਹੀ ਹੈ ਅਤੇ ਇਸ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਵਰਕਰ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕੋਲ ਇਸ ਚੋਣ 'ਚ ਲੜਨ ਲਈ ਕੋਈ ਵੀ ਮੁੱਦਾ ਨਹੀਂ ਹੈ ਕਿਉਂਕਿ ਜਿੰਨੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੋਂ ਲੋਕ ਬਹੁਤ ਦੁਖੀ ਹਨ ਅਤੇ ਉਹ ਇਕ ਵੀ ਸੀਟ ਕਾਂਗਰਸ ਨੂੰ ਪੰਜਾਬ ਤੋਂ ਨਹੀਂ ਜਿੱਤਣ ਦੇਣਗੇ।
ਦਿੱਲੀ 'ਚ ਹੋ ਰਹੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੇ ਬਾਰੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਨਰਿੰਦਰ ਮੋਦੀ ਤੋਂ ਇੰਨਾ ਡਰ ਲੱਗ ਰਿਹਾ ਹੈ ਕਿ ਸਾਰੇ ਇਕੱਠੇ ਹੋ ਕੇ ਵੀ ਉਸ ਦਾ ਮੁਕਾਬਲਾ ਨਹੀਂ ਕਰ ਪਾ ਰਹੇ। ਉਥੇ ਹੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮਨ ਕੁਭੜਾ ਨੇ ਕਿਹਾ ਕਿ ਉਹ ਆਪਣੇ ਪਿਤਾ ਬਲਜੀਤ ਸਿੰਘ ਕੁਭੜਾ ਵਾਂਗ ਹੀ ਪਾਰਟੀ ਦੀ ਸੇਵਾ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਕੋਸ਼ਿਸ਼ ਕਰਨਗੇ।