ਨਵਾਂਸ਼ਹਿਰ-ਅੰਮ੍ਰਿਤਸਰ ਸਿੱਧੀ ਟਰੇਨ ਨੂੰ ਮਿਲੀ ਮਨਜ਼ੂਰੀ : ਚੰਦੂਮਾਜਰਾ

01/12/2019 5:39:14 PM

ਰੋਪੜ (ਤ੍ਰਿਪਾਠੀ, ਮਨੋਰੰਜਨ)— ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਵਾਂਸ਼ਹਿਰ ਤੋਂ ਅੰਮ੍ਰਿਤਸਰ ਸਿੱਧੇ ਰੇਲ ਲਿੰਕ ਨਾਲ ਜੁੜਨ ਵਾਲੀ ਟਰੇਨ ਨੂੰ ਰੇਲਵੇ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ 15 ਜਨਵਰੀ ਨੂੰ ਸਵੇਰੇ ਪੌਣੇ 6 ਵਜੇ ਨਵਾਂਸ਼ਹਿਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਲਈ ਗੱਡੀ ਰਵਾਨਾ ਕੀਤੀ ਜਾਵੇਗੀ। ਚੰਦੂਮਾਜਰਾ ਬੀਤੇ ਦਿਨ ਬੰਗਾ ਰੋਡ ਸਥਿਤ ਵੈਲਕਮ ਹੋਟਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੰਗ 'ਤੇ ਚਾਹੇ ਨਵਾਂਸ਼ਹਿਰ ਨੂੰ ਅੰਮ੍ਰਿਤਸਰ ਦੇ ਨਾਲ ਸਿੱਧੇ ਰੇਲ ਲਿੰਕ 'ਚ ਜੋੜਨ ਦੀ ਮਨਜ਼ੂਰੀ ਬਹੁਤ ਪਹਿਲਾਂ ਮਿਲ ਗਈ ਸੀ ਪਰ ਅੰਮ੍ਰਿਤਸਰ ਸਟੇਸ਼ਨ 'ਤੇ ਥਾਂ ਉਪਲੱਬਧ ਨਾ ਹੋਣ ਕਰਕੇ ਲਗਾਤਾਰ ਮੰਗ ਲਟਕਦੀ ਆ ਰਹੀ ਸੀ ਪਰ ਹੁਣ ਰੇਲਵੇ ਮੰਤਰਾਲੇ ਵਲੋਂ ਥਾਂ ਦੀ ਉਪਲੱਬਧਤਾ ਮਿਲਣ 'ਤੇ ਇਸ ਟਰੇਨ ਦਾ ਲਾਭ ਜਿੱਥੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ ਅਤੇ ਹੋਰਨਾਂ ਧਾਰਮਕ ਤੇ ਇਤਿਹਾਸਿਕ ਥਾਵਾਂ 'ਤੇ ਜਾਣ ਵਾਲੇ ਲੋਕਾਂ ਨੂੰ ਮਿਲੇਗਾ, ਉੱਥੇ ਵਪਾਰੀ ਅਤੇ ਨੌਕਰੀਪੇਸ਼ਾ ਵਰਗ ਨੂੰ ਵੀ ਸਹੂਲਤ ਹੋਵੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਂਸ਼ਹਿਰ-ਰਾਹੋਂ ਤੋਂ ਖੰਨਾ ਅਤੇ ਮੋਹਾਲੀ ਤੋਂ ਰਾਜਪੁਰਾ ਦੇ ਲਿੰਕ ਮਾਰਗ ਨਾਲ ਜੋੜਨ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਪਰੋਕਤ ਦੋਵੇਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਣ ਦੀ ਪੂਰੀ ਸੰਭਾਵਨਾ ਹੈ। 

ਕੇਂਦਰ ਸਰਕਾਰ ਵੱਲੋਂ ਹਾਲ 'ਚ ਰਾਜਸਭਾ ਤੇ ਲੋਕਸਭਾ 'ਚ ਪਾਸ ਕੀਤੇ ਬਹੁਚਰਚਿਤ ਸਵਰਣ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਵਿਚ 10 ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਸ ਨਾਲ ਜਨਰਲ ਸਮਾਜ ਦੇ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਜਿੱਥੇ ਨੌਕਰੀਆਂ ਅਤੇ ਉੱਚ ਸਿੱਖਿਆ ਦੇ ਖੇਤਰ ਵਿਚ ਲਾਭ ਹੋਵੇਗਾ ਉੱਥੇ ਸਮਾਜਿਕ ਨਿਆ ਅਤੇ ਬਰਾਬਰਤਾ ਲਈ ਵੀ ਅਹਿਮ ਸਿੱਧ ਹੋਵੇਗਾ। ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਆਪਣਾ ਸਟੈਂਡ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਅਤੇ ਇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਅੰਤਿਮ ਮੰਨਿਆ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਵਾਹਦ, ਮਨਜਿੰਦਰ ਸਿੰਘ ਵਾਲੀਆ, ਸ਼ੰਕਰ ਦੁੱਗਲ, ਹੇਮੰਤ ਕੁਮਾਰ ਬੌਬੀ, ਡਾ. ਹਰਮੇਸ਼ ਪੁਰੀ, ਬੁੱਧ ਸਿੰਘ ਬਲਾਕੀਪੁਰ, ਐਡਵੋਕੇਟ ਏ.ਐੱਸ. ਸਿਆਨ, ਐਡਵੋਕੇਟ ਵਿਕਾਸ ਨਾਰਦ, ਕੁਲਵਿੰਦਰ ਸਿੰਗਲਾ, ਤਾਰਾ ਸਿੰਘ ਸ਼ੇਖੂਪੁਰ, ਅੱਬੀ ਬਜਾਜ, ਸਟੀਵਨ ਗੁਲਾਟੀ ਅਤੇ ਮਨਮੋਹਨ ਸਿੰਘ ਗੁਲਾਟੀ ਆਦਿ ਹਾਜ਼ਰ ਸਨ।


shivani attri

Content Editor

Related News