''ਗਰਭਵਤੀ ਔਰਤਾਂ ਨੂੰ ਵਿੱਤੀ ਸਹਾਇਤਾ ਦੇਵੇਗੀ ਪੀ. ਐੱਮ. ਐੱਮ. ਵੀ. ਵਾਈ.''

12/31/2017 10:43:35 AM

ਮਾਨਸਾ (ਮਿੱਤਲ)-ਪੀ. ਐੱਮ. ਐੱਮ. ਵੀ. ਵਾਈ. (ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ) ਅਧੀਨ ਗਰਭਵਤੀ ਔਰਤਾਂ ਨੂੰ 5000 ਰੁਪਏ ਤਿੰਨ ਕਿਸ਼ਤਾਂ 'ਚ ਦੇਣ ਦਾ ਪ੍ਰਬੰਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫਸਰ ਮਾਨਸਾ ਰਾਕੇਸ਼ ਵਾਲੀਆ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਗਰਭਵਤੀ ਔਰਤ ਨੂੰ ਪਹਿਲੇ ਬੱਚੇ ਦੇ ਜਨਮ ਲਈ ਦਿੱਤਾ ਜਾਣਾ ਹੈ, ਜਿਸ ਤਹਿਤ ਪਹਿਲੀ ਕਿਸ਼ਤ 1000 ਰੁਪਏ, ਦੂਜੀ 2000 ਅਤੇ ਤੀਜੀ 2000 ਰੁਪਏ ਦਿੱਤੀ ਜਾਣੀ ਹੈ।
ਜ਼ਿਲਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਔਰਤ ਦਾ ਗਰਭਵਤੀ ਹੋਣ ਤੋਂ 150 ਦਿਨਾਂ ਦੇ ਅੰਦਰ-ਅੰਦਰ ਆਂਗਣਵਾੜੀ ਕੇਂਦਰ 'ਚ ਰਜਿਸਟਰਡ ਹੋਣਾ ਲਾਜ਼ਮੀ ਹੈ ਅਤੇ ਉਸ ਦਾ ਐੱਮ. ਸੀ. ਪੀ. (ਚੈੱਕਅਪ ਕਾਰਡ) ਬਣਿਆ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਪਹਿਲੀ ਕਿਸ਼ਤ ਰਜਿਸਟ੍ਰੇਸ਼ਨ ਸਮੇਂ ਦਿੱਤੀ ਜਾਣੀ ਹੈ। ਇਸ ਦੀ ਦੂਜੀ ਕਿਸ਼ਤ ਗਰਭਵਤੀ ਹੋਣ 'ਤੇ ਅਤੇ ਤੀਜੀ ਕਿਸ਼ਤ ਬੱਚਾ ਜਨਮ ਲੈਣ ਤੋਂ ਬਾਅਦ ਦਿੱਤੀ ਜਾਣੀ ਹੈ।
ਸ਼੍ਰੀ ਰਾਕੇਸ਼ ਵਾਲੀਆ ਨੇ ਦੱਸਿਆ ਕਿ ਲਾਭਪਾਤਰੀ ਕੋਲ ਐੱਮ. ਸੀ. ਪੀ. ਕਾਰਡ, ਆਧਾਰ ਕਾਰਡ, ਪਤੀ ਦਾ ਆਧਾਰ ਕਾਰਡ ਅਤੇ ਲਾਭਪਾਤਰੀ ਦੀ ਬੈਂਕ ਪਾਸ ਬੁੱਕ ਹੋਣੀ ਜ਼ਰੂਰੀ ਹੈ। ਲਾਭਪਾਤਰੀ ਨੂੰ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਨੇੜਲੇ ਆਂਗਣਵਾੜੀ ਕੇਂਦਰ 'ਚ ਆਂਗਣਵਾੜੀ ਵਰਕਰ ਨੂੰ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ।


Related News