''ਇਤਿਹਾਸ'' ਸਾਫਟਵੇਅਰ ਨੇ ਗੁਰਦਾਸਪੁਰ ''ਚ ਕੋਰੋਨਾ ਦੇ ਫੈਲਾਅ ਸਬੰਧੀ ਕੀਤੀ ਚਿੰਤਾਜਨਕ ਭਵਿੱਖਬਾਣੀ

Tuesday, Aug 18, 2020 - 03:03 PM (IST)

''ਇਤਿਹਾਸ'' ਸਾਫਟਵੇਅਰ ਨੇ ਗੁਰਦਾਸਪੁਰ ''ਚ ਕੋਰੋਨਾ ਦੇ ਫੈਲਾਅ ਸਬੰਧੀ ਕੀਤੀ ਚਿੰਤਾਜਨਕ ਭਵਿੱਖਬਾਣੀ

ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਗੁਰਦਾਸਪੁਰ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਜਿਥੇ ਪੂਰੇ ਜ਼ਿਲ੍ਹੇ 'ਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਉਸ ਦੇ ਨਾਲ ਹੀ ਇਕੱਲੇ ਗੁਰਦਾਸਪੁਰ ਸ਼ਹਿਰ 'ਚ ਵੀ ਇਸ ਮੌਕੇ ਕਰੀਬ 15 ਹਜ਼ਾਰ ਮਰੀਜ਼ ਮੌਜੂਦ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਹ ਅਨੁਮਾਨ ਵੀ ਲਾਇਆ ਗਿਆ ਹੈ ਕਿ ਜੇਕਰ ਸ਼ਹਿਰ ਵਾਸੀਆਂ ਨੇ ਹੁਣ ਵੀ ਇਸ ਵਾਇਰਸ ਤੋਂ ਬਚਾਅ ਲਈ ਬਣਾਏ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਨਾ ਕੀਤੀ ਤਾਂ 1 ਸਤੰਬਰ ਤੋਂ ਬਾਅਦ ਗੁਰਦਾਸਪੁਰ 'ਚ ਰੋਜ਼ਾਨਾ 19 ਦੇ ਕਰੀਬ ਮੌਤਾਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 54 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਅਗਲੇ ਦਿਨਾਂ 'ਚ ਵੱਧਣਗੇ ਕੋਰੋਨਾ ਦੇ ਕੇਸ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ 'ਇਤਿਹਾਸ' ਸਾਫਟਵੇਅਰ ਤੋਂ ਪ੍ਰਾਪਤ ਹੋਈ ਉਕਤ ਚਿੰਤਾਜਨਕ ਜਾਣਕਾਰੀ ਕਾਰਣ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸ਼ਹਿਰ ਵਾਸੀਆਂ, ਵਪਾਰ ਮੰਡਲ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ਕਰ ਕੇ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਈ. ਆਈ. ਟੀ. ਚੇਨਈ ਵੱਲੋਂ ਤਿਆਰ ਕੀਤੇ 'ਇਤਿਹਾਸ' ਸਾਫਟਵੇਅਰ ਜ਼ਰੀਏ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅਗਲੇ ਦਿਨਾਂ 'ਚ ਗੁਰਦਾਸਪੁਰ ਸ਼ਹਿਰ 'ਚ 'ਕੋਵਿਡ-19' ਵਧੇਗਾ, ਇਸ ਲਈ ਸ਼ਹਿਰ ਵਾਸੀ ਇਸ ਗੰਭੀਰ ਸਥਿਤੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਅਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।

ਇਹ ਵੀ ਪੜ੍ਹੋ : ਨਸ਼ੇ ਦੀ ਹਾਲਤ 'ਚ ਵਿਅਕਤੀ ਨੇ ਆਪਣੇ 38 ਸਾਲਾ ਰਿਸ਼ਤੇਦਾਰ ਦਾ ਕੀਤਾ ਕਤਲ

PunjabKesari

ਇਸ ਸਾਫਟਵੇਅਰ ਰਾਹੀਂ ਮਿਲਦੀ ਹੈ ਕੋਵਿਡ-19 ਦੇ ਫੈਲਾਅ ਦੀ ਜਾਣਕਾਰੀ
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ 'ਚ ਰੋਜ਼ਾਨਾ 500 ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਹਫ਼ਤੇ 'ਚ ਕਰੀਬ 4 ਹਜ਼ਾਰ ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 'ਇਤਿਹਾਸ' ਸਾਫਟਵੇਅਰ ਰਾਹੀਂ ਕੋਰੋਨਾ ਪੀੜਤਾਂ ਦੀ ਟਰੇਸਿੰਗ ਕਰਨ 'ਚ ਵੱਡੀ ਮਦਦ ਮਿਲ ਰਹੀ ਹੈ। ਇਸ ਸਾਫਟਵੇਅਰ ਰਾਹੀਂ ਹਾਈ ਸਕੋਰਡ ਟਾਵਰ ਤੋਂ ਪਤਾ ਚੱਲਦਾ ਹੈ ਕਿ ਕਿਸ ਏਰੀਏ 'ਚ 'ਕੋਵਿਡ-19' ਦਾ ਫੈਲਾਅ ਹੋਣਾ ਹੈ। ਇਸ ਰਾਹੀਂ ਜਿਸ ਦਿਨ ਕੋਰੋਨਾ ਪੀੜਤ ਮਰੀਜ਼ ਦਾ ਪਤਾ ਚੱਲਦਾ ਹੈ, ਉਸ ਤੋਂ ਪਹਿਲਾਂ 15 ਦਿਨਾਂ ਬਾਰੇ ਪੀੜਤ ਦੀ ਟਰੇਸਿੰਗ ਕਰਨ 'ਚ ਮਦਦ ਮਿਲਦੀ ਹੈ। ਪੀੜਤ ਪਿਛਲੇ 15 ਦਿਨਾਂ 'ਚ ਕਿਥੇ ਗਿਆ ਅਤੇ ਕਿਸ ਨੂੰ ਮਿਲਿਆ ਸਮੇਤ ਹੋਰ ਜਾਣਕਾਰੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸ ਸਾਫਟਵੇਅਰ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਬਾਬਾ ਨਾਨਕ ਅਤੇ ਕਾਹਨੂੰਵਾਨ ਰੋਡ, ਸਿਵਲ ਲਾਈਨ, ਇੰਪਰੂਵਮੈਂਟ ਟਰੱਸਟ ਕਾਲੋਨੀ, ਫਿਸ਼ ਪਾਰਕ ਦੇ ਬੈਕਸਾਈਡ, ਤਿੱਬੜੀ ਰੋਡ, ਹਨੂਮਾਨ ਚੌਕ ਅਤੇ ਗੀਤਾ ਭਵਨ ਰੋਡ, ਮੇਹਰ ਚੰਦ ਰੋਡ ਆਦਿ ਖੇਤਰਾਂ 'ਚ 'ਕੋਵਿਡ-19' ਫੈਲਣ ਦੀ ਜਾਣਕਾਰੀ ਮਿਲੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਦਾ ਲੱਛਣ ਨਜ਼ਰ ਆਉਂਦਾ ਹੈ, ਉਹ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਏ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਨਵੀਂ ਪਾਲਿਸੀ ਤਹਿਤ ਉਹ ਘਰ ਵੀ ਇਕਾਂਤਵਾਸ ਹੋ ਸਕਦਾ ਹੈ। ਉਸ ਕੋਲ ਆਕਸੂਮੀਟਰ ਹੋਵੇ, ਜੋ ਆਕਸੀਜਨ ਮਾਪਣ ਵਾਲਾ ਯੰਤਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਵਿਅਕਤੀ ਆਕਸੂਮੀਟਰ ਨਹੀਂ ਖਰੀਦ ਸਕਦਾ ਤਾਂ ਉਸ ਨੂੰ ਜ਼ਿਲਾ ਰੈੱਡ ਕਰਾਸ ਸੋਸਾਇਟੀ ਤੋਂ ਵਰਤਣ ਲਈ ਆਕਸੂਮੀਟਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਉਹ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ। ਉਨ੍ਹਾਂ ਵਪਾਰ ਮੰਡਲ ਦੇ ਪ੍ਰਧਾਨ, ਮੈਂਬਰਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ 'ਚ ਆਕਸੀਜਨ ਮਾਪਣ ਵਾਲਾ ਯੰਤਰ ਆਕਸੂਮੀਟਰ ਆਪਣੇ ਕੋਲ ਰੱਖਣ ਅਤੇ ਆਪਣਾ ਅਤੇ ਆਪਣੇ ਵਰਕਰਾਂ ਦਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ।

ਇਹ ਵੀ ਪੜ੍ਹੋ : ਪੰਜਾਬ 'ਚ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ 'ਚ ਲੁਧਿਆਣਾ ਦੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਕੋਰੋਨਾ ਫੈਲਾਅ ਵੱਧਣ ਕਾਰਣ ਪੀੜਤਾਂ ਦੀ ਮੌਤ 'ਚ ਹੋ ਸਕਦਾ ਹੈ ਵਾਧਾ 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਇਤਿਹਾਸ' ਸਾਫਟਵੇਅਰ ਅਨੁਸਾਰ ਗੁਰਦਾਸਪੁਰ ਸ਼ਹਿਰ 'ਚ ਕੋਰੋਨਾ ਫੈਲਾਅ ਵੱਧਣ ਕਾਰਣ ਪੀੜਤਾਂ ਦੀ ਮੌਤ 'ਚ ਵਾਧਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 18 ਜੁਲਾਈ ਨੂੰ 'ਇਤਿਹਾਸ' ਸਾਫਟਵੇਅਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਵਿਖੇ 400 ਵਿਅਕਤੀਆਂ ਦੀ ਟੈਸਟਿੰਗ ਕੀਤੀ ਅਤੇ ਉਨਾਂ 'ਚੋਂ 41 ਕੇਸ ਪਾਜ਼ੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ 'ਇਤਿਹਾਸ' ਸਾਫਟਵੇਅਰ ਦੀ ਮਦਦ ਨਾਲ 300 ਲੋਕਾਂ ਦੀ ਕੋਰੋਨਾ ਪੀੜਤ ਵਜੋਂ ਸ਼ਨਾਖਤ ਕੀਤੀ ਜਾ ਚੁੱਕੀ ਹੈ, ਜਿਸ ਨਾਲ ਸਮੇਂ ਸਿਰ ਪਤਾ ਲੱਗ ਜਾਣ ਕਾਰਣ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਵੱਡੀ ਮਦਦ ਮਿਲੀ ਹੈ। ਇਸ ਮੌਕੇ ਮੰਡਲ ਪ੍ਰਧਾਨ ਦਰਸ਼ਨ ਮਹਾਜਨ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਹ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਆਪ ਵੀ ਪਾਲਣਾ ਕਰਨਗੇ ਅਤੇ ਦੂਸਰਿਆਂ ਨੂੰ ਜਾਗਰੂਕ ਕਰਨਗੇ। ਲੋੜਵੰਦ ਲੋਕਾਂ ਨੂੰ ਆਕਸੂਮੀਟਰ ਮੁਹੱਈਆ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਦਰਸ਼ਨ ਸਿੰਘ ਡਾਲਾ, ਗੈਸ ਏਜੰਸੀ, ਜੇਲ ਰੋਡ ਗੁਰਦਾਸਪੁਰ ਨੇ ਵੀ ਆਪਣੀ ਪੂਰੀ ਟੀਮ ਦਾ ਟੈਸਟ ਕਰਵਾਉਣ ਦਾ ਭਰੋਸਾ ਦਿੱਤਾ। ਸੀ. ਐੱਲ. ਕਪੂਰ, ਮਨਪ੍ਰੀਤ ਸਿੰਘ, ਨਰੇਸ਼ ਕਾਲੀਆ, ਦਿਲਬਾਗ ਸਿੰਘ ਲਾਲੀ ਚੀਮਾ, ਦਿਵਿਆ ਮਹਾਜਨ ਆਦਿ ਨਾਗਰਿਕਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਦੀ ਸ਼ਲਾਲਾ ਕੀਤੀ ਅਤੇ ਕਿਹਾ ਕਿ ਉਹ ਖੁਦ ਅਤੇ ਲੋਕਾਂ ਨੂੰ ਕੋਰੋਨਾ ਟੈਸਟ ਸਬੰਧੀ ਜਾਗਰੂਕ ਕਰਨਗੇ।


author

Anuradha

Content Editor

Related News