ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਕੀਤੀ ਅਰਦਾਸ
Thursday, Jun 24, 2021 - 06:16 PM (IST)
ਡੇਰਾ ਬਾਬਾ ਨਾਨਕ (ਵਤਨ) : ਅੱਜ ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਮੁੱਖ ਸੇਵਾਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਭਾਰਤ ਪਾਕਿ ਕੌਮਾਂਤਰੀ ਸਰਹੱਦ ’ਤੇ ਪਹੁੰਚ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਗਏ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਕੌਮਾਂਤਰੀ ਸਰਹੱਦ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਰਘਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਦੀ ਮਹਾਮਾਰੀ ਦੇ ਚਲਦਿਆਂ ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਸੰਗਤਾਂ ਵਲੋਂ ਆਪਣੇ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਸਿੱਖ ਸੰਗਤ ਅਰਦਾਸ ਕਰ ਰਹੀ ਸੀ। ਨਵੰਬਰ 2019 ’ਚ ਸੰਗਤਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਅਤੇ ਸੰਗਤਾਂ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਜਾਣ ਲੱਗੇ ਪਰ ਪਿਛਲੇ ਸਾਲ ਕੋਰੋਨਾ ਦੀ ਮਹਾਮਾਰੀ ਦੇ ਚਲਦਿਆਂ ਇਸ ਕਾਰੀਡੋਰ ਨੂੰ ਮੁੜ ਬੰਦ ਕਰ ਦਿੱਤਾ ਗਿਆ ਹੈ, ਜੋ ਅੱਜ ਤੱਕ ਵੀ ਬੰਦ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਮਨਾਇਆ ਭਗਤ ਕਬੀਰ ਜੀ ਦਾ ਜਨਮ ਦਿਹਾੜਾ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਿਥੇ ਇਸ ਕਾਰੀਡੋਰ ਨੂੰ ਖੋਲ੍ਹਣ ਵਿਚ ਢਿੱਲ ਮੱਠ ਦਿਖਾਈ ਜ ਰਹੀ ਹੈ, ਉਥੇ ਕਿਸਾਨਾਂ ਵਲੋਂ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਿਚ ਵੀ ਅੜੀਅਲ ਵਤੀਰਾ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 400 ਕਿਸਾਨ ਇਸ ਅੰਦੋਲਨ ਵਿਚ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਰਹੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੇ ਨਾਲ-ਨਾਲ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਵੀ ਰੱਦ ਕੀਤਾ ਜਾਵੇ। ਇਸ ਮੌਕੇ ਬਲਬੀਰ ਸਿੰਘ ਢੀਂਗਰਾ ਜਨਰਲ ਸਕੱਤਰ, ਜਨਕ ਰਾਜ ਸਿੰਘ ਮੀਤ ਪ੍ਰਧਾਨ, ਗੁਰਮੇਜ਼ ਸਿੰਘ ਉਬੋਕੇ ਮੀਤ ਸਕੱਤਰ, ਕਰਤਾਰ ਸਿੰਘ ਸਾਬਕਾ ਡੀ ਐਸ ਪੀ, ਸੁਲੱਖਣ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਪੰਡੋਰੀ ਵੜੈਂਚ, ਅਵਤਾਰ ਸਿੰਘ ਉਬੋਕੇ, ਸੁੱਖਪਾਲ ਸਿੰਘ ਠੇਕੇਦਾਰ ਆਦਿ ਬੇਅੰਤ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਫੌਜ ’ਚ ਕੰਮ ਕਰਨ ’ਤੇ ਮਾਣ, 2 ਸਿੱਖ ਪਲਟਨ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ : ਕੈਪਟਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ