ਡੀ. ਸੀ. ਵੱਲੋਂ ਸ਼ਰਾਬ ਦੇ ਠੇਕੇ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

10/31/2017 1:09:30 PM


ਸੁਲਤਾਨਪੁਰ ਲੋਧੀ (ਸੋਢੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 2, 3, 4 ਨਵੰਬਰ ਨੂੰ ਆ ਰਹੇ 548ਵੇਂ ਪ੍ਰਕਾਸ਼ ਪੁਰਬ ਸੰਬੰਧੀ ਲੋੜੀਂਦੇ ਪ੍ਰਬੰਧ ਕਰਨ ਲਈ ਤੇ 2019 'ਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਕਰਨ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸੁਲਤਾਨਪੁਰ ਲੋਧੀ ਦੇ ਰੈਸਟ ਹਾਊਸ ਵਿਖੇ ਹੋਈ। ਜਿਸ 'ਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਸੁਲਤਾਨਪੁਰ ਲੋਧੀ ਦੇ ਐੱਮ. ਐੱਲ. ਏ. ਨਵਤੇਜ ਸਿੰਘ ਚੀਮਾ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ, ਤਹਿਸੀਲਦਾਰ ਗੁਰਮੀਤ ਸਿੰਘ ਮਾਨ, ਬੀ. ਡੀ. ਪੀ. ਓ. ਪ੍ਰਗਟ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਚਾਨਣ ਸਿੰਘ ਦੀਪੇਵਾਲ, ਮੈਨੇਜਰ ਗੁ. ਬੇਰ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੋਡੇ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਉਚੇਚੇ ਤੌਰ 'ਤੇ ਪੁੱਜੇ। 
ਮੀਟਿੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਦੇ ਮੱਦੇਨਜ਼ਰ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੇ 2 ਨਵੰਬਰ ਤੋਂ 5 ਨਵੰਬਰ ਤਕ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਅੰਦਰ ਤੇ ਬਾਹਰ ਚੱਲਦੇ ਸ਼ਰਾਬ ਦੇ ਠੇਕੇ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਆਦਿ ਬੰਦ ਰੱਖਣ ਦੇ ਹੁਕਮ ਦਿੱਤੇ ਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਸਖਤੀ ਨਾਲ ਕਰਵਾਉਣ ਦੇ ਡੀ. ਐੱਸ. ਪੀ. ਨੂੰ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਵਿਧਾਇਕ ਚੀਮਾ ਦੀ ਮੌਜੂਦਗੀ 'ਚ ਸੁਲਤਾਨਪੁਰ ਲੋਧੀ ਦੀਆਂ ਖਰਾਬ ਸੜਕਾਂ ਦੀ ਰਿਪੇਅਰ ਕਰਨ, ਸ਼ਹਿਰ 'ਚ ਬਣੇ ਪਿਸ਼ਾਬ ਘਰ ਤੇ ਪਾਖਾਨੇ ਚਾਲੂ ਕਰਨ ਤੇ ਕੁਝ ਹੋਰ ਆਰਜ਼ੀ ਪਿਸ਼ਾਬ-ਘਰ ਜੋੜ ਮੇਲੇ 'ਤੇ ਬਣਾਉਣ, ਸੰਗਤਾਂ ਦੀ ਸੁਰੱਖਿਆ ਲਈ ਪੂਰੀ ਪੁਲਸ ਫੋਰਸ ਲਗਾਉਣ, ਸ਼ਹਿਰ ਦੀ ਹਰ ਪੱਖੋਂ ਸਫਾਈ ਕਰਨ, ਸਟਰੀਟ ਲਾਈਟਾਂ ਚਾਲੂ ਕਰਨ ਤੇ ਹੋਰ ਪ੍ਰਬੰਧਾਂ ਲਈ ਮੌਕੇ 'ਤੇ ਸੰਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ 'ਚ ਸ਼ਮਸ਼ਾਨਘਾਟ ਦੇ ਬਾਹਰ ਚੱਲ ਰਹੀ ਸ਼ਰਾਬ ਦੀ ਦੁਕਾਨ ਬੰਦ ਕਰਨ ਦੇ ਡੀ. ਐੱਸ. ਪੀ. ਨੂੰ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 
ਇਸ ਸਮੇਂ ਨਵਤੇਜ ਸਿੰਘ ਚੀਮਾ ਐੱਮ. ਐੱਲ. ਏ. ਨੇ ਵੀ ਸ਼ਹਿਰ 'ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਗੁਰੂ ਕੀ ਨਗਰੀ ਦੀ ਨੁਹਾਰ ਬਦਲਣ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਸਮੇਂ ਐੱਸ. ਡੀ. ਐੱਮ. ਡਾ. ਚਾਰੂਮਿਤਾ, ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ, ਸੈਕਟਰੀ ਸੰਜੀਵ ਦੱਤਾ ਆਦਿ ਨੇ ਸ਼ਿਰਕਤ ਕੀਤੀ।


Related News