ਪ੍ਰਾਜਕਤਾ ਨੀਲਕਾਂਤ ਅਵਹਾੜ ਬਣੇ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ

Thursday, Jul 08, 2021 - 07:59 PM (IST)

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਰਾਜਪਾਲ ਵੱਲੋਂ ਬਾਲ ਭਲਾਈ ਕੌਂਸਲ, ਪੰਜਾਬ ਦੇ ਪ੍ਰਧਾਨ ਹੋਣ ਨਾਤੇ ਨਵੀਂ ਕਾਰਜਕਾਰੀ ਕਮੇਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੇ ਚੇਅਰਪਰਸਨ ਪ੍ਰਾਜਕਤਾ ਨੀਲਕਾਂਤ ਅਵਹਾੜ ਨੂੰ ਬਣਾਇਆ ਗਿਆ ਹੈ। ਨਵੀਂ ਕਮੇਟੀ ਦੀ ਚੋਣ ਤਿੰਨ ਸਾਲਾਂ ਲਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪ੍ਰਾਜਕਤਾ ਪੇਸ਼ੇ ਵਜੋਂ ਇਕ ਵਕੀਲ ਹਨ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਬਤੌਰ ਮੀਡੀਏਟਰ ਕਾਰਜ ਕਰਦੇ ਹਨ। ਉਨ੍ਹਾਂ ਨੂੰ ਬਾਲ ਭਲਾਈ ਕੌਂਸਲ, ਮੋਗਾ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਰੈੱਡ ਕਰਾਸ ਅਤੇ ਪਰਿਵਾਰਕ ਸਲਾਹ ਕੇਂਦਰਾਂ ’ਚ ਕੰਮ ਕਰਨ ਦਾ ਤਜਰਬਾ ਹੈ ਅਤੇ ਇਸ ਤੋਂ ਇਲਾਵਾ ਉਹ ਦਿੱਲੀ ਦੇ ਸੈਂਟਰ ਫਾਰ ਸੋਸ਼ਲ ਰਿਸਰਚ ਤੇ ਵਾਸ਼ਿੰਗਟਨ (ਅਮਰੀਕਾ) ’ਚ 'ਆਸ਼ਾ' ਸੰਸਥਾ ਵੱਲੋਂ ਕਾਨੂੰਨੀ ਸਲਾਹਕਾਰ, ਕਾਊਂਸਲਰ ਅਤੇ ਜੈਂਡਰ (ਲਿੰਗ) ਟ੍ਰੇਨਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਉਹ ਇਕ ਗੈਰ-ਸਰਕਾਰੀ ਸੰਸਥਾ 'ਸੰਵੇਦਨਾ' ਦੇ ਬਾਨੀ ਪ੍ਰਧਾਨ ਵੀ ਹਨ, ਜੋ ਲਿੰਗ ਆਧਾਰਿਤ ਭੇਦਭਾਵ ਨੂੰ ਦੂਰ ਕਰਨ ਲਈ ਕੰਮ ਕਰਦੇ ਹੋਏ ਘਰੇਲੂ ਹਿੰਸਾ ਅਤੇ ਔਰਤਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ’ਚ ਮੋਹਰੀ ਰੋਲ ਅਦਾ ਕਰਦੇ ਹਨ।

ਪ੍ਰਾਜਕਤਾ ਅਵਹਾੜ ਨੇ ਆਪਣੀਆਂ ਤਰਜੀਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਕੌਂਸਲਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਮੈਂਬਰਸ਼ਿਪ ਮੁਹਿੰਮ ਚਲਾਉਣ, ਫੰਡ ਇਕੱਠੇ ਕਰਨ ਅਤੇ ਕੌਂਸਲ ਨੂੰ ਸੂਬੇ ’ਚ ਬੱਚਿਆਂ ਦੀ ਭਲਾਈ ਲਈ ਇਕ ਬਿਹਤਰੀਨ ਮੰਚ ਮੁਹੱਈਆ ਕਰਵਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਕੌਂਸਲ ਵੱਲੋਂ ਲੋੜਵੰਦ ਬੱਚਿਆਂ, ਖਾਸ ਕਰਕੇ ਜੋ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ, ਦੀ ਭਰਪੂਰ ਮਦਦ ਕੀਤੀ ਜਾਵੇਗੀ ਅਤੇ ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਹੋਰਨਾਂ ਸੰਗਠਨਾਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਬਾਲ ਭਲਾਈ ਕੌਂਸਲ ਦੇ ਹੋਰ ਚੁਣੇ ਗਏ ਅਹੁਦੇਦਾਰਾਂ ’ਚ ਡਾ. ਪ੍ਰੀਤਮ ਸੰਧੂ ਨੂੰ ਸਕੱਤਰ ਅਤੇ ਖਜ਼ਾਨਚੀ ਰਤਿੰਦਰ ਬਰਾੜ ਨੂੰ ਬਣਾਇਆ ਗਿਆ। ਇਨ੍ਹਾਂ ਦੋਵਾਂ ਕੋਲ ਬਾਲ ਭਲਾਈ, ਬਾਲ ਸੁਰੱਖਿਆ, ਕਿਸ਼ੋਰ ਅਵਸਥਾ ਦੇ ਬੱਚਿਆਂ ਲਈ ਨਿਆਂ ਅਤੇ ਉਨ੍ਹਾਂ ਦੀ ਸੰਭਾਲ ਕਰਨ ਆਦਿ ਖੇਤਰਾਂ ਵਿੱਚ ਕੰਮ ਕਰਨ ਦਾ ਵੱਡਾ ਤਜਰਬਾ ਹੈ। ਡਾ. ਪ੍ਰੀਤਮ ਸੰਧੂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਇਕ ਅਹਿਮ ਸੰਸਥਾ ਐੱਨ. ਆਈ. ਪੀ. ਸੀ. ਸੀ. ਡੀ. ਦੇ ਸਾਬਕਾ ਖੇਤਰੀ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਰਤਿੰਦਰ ਬਰਾੜ ਜ਼ਿਲ੍ਹਾ ਅਤੇ ਮੁੱਖ ਦਫਤਰ ਦੋਵੇਂ ਪੱਧਰ 'ਤੇ ਬੀਤੇ 25 ਵਰ੍ਹਿਆਂ ਤੋਂ ਕੰਮ ਕਰਨ ਦਾ ਤਜਰਬਾ ਰੱਖਦੇ ਹਨ ਅਤੇ ਹੋਰ ਭਲਾਈ ਸੰਗਠਨਾਂ, ਜਿਵੇਂ ਕਿ ਆਈ. ਸੀ. ਐੱਸ. ਡਬਲਿਊ., ਸੀਨੀਅਰ ਸਿਟੀਜ਼ਨ ਅਤੇ ਰੈੱਡ ਕਰਾਸ ਆਦਿ ਨਾਲ ਵੀ ਸਰਗਰਮੀ ਨਾਲ ਜੁੜੇ ਹੋਏ ਹਨ।


Manoj

Content Editor

Related News