ਵਿਜੀਲੈਂਸ ਦੇ ਨਾਲ-ਨਾਲ ਨਿਗਮ ਨੇ ਵੀ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗ੍ਰਾਂਟ ’ਚ ਗੜਬੜੀ ਦੀ ਜਾਂਚ

Thursday, Aug 15, 2024 - 11:01 AM (IST)

ਵਿਜੀਲੈਂਸ ਦੇ ਨਾਲ-ਨਾਲ ਨਿਗਮ ਨੇ ਵੀ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗ੍ਰਾਂਟ ’ਚ ਗੜਬੜੀ ਦੀ ਜਾਂਚ

ਜਲੰਧਰ (ਖੁਰਾਣਾ)–ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤਕ ਜਲੰਧਰ ਨਿਗਮ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਯੋਜਨਾ ਤਹਿਤ ਆਈ ਗ੍ਰਾਂਟ ਵਿਚ ਗੜਬੜੀਆਂ ਦੀ ਸੂਚਨਾ ਮਿਲ ਰਹੀ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਇਸ ਗ੍ਰਾਂਟ ਦੇ ਪੈਸੇ ਕਈ ਅਜਿਹੇ ਪਰਿਵਾਰਾਂ ਨੂੰ ਦੇ ਦਿੱਤੇ ਗਏ, ਜੋ ਇਸ ਗ੍ਰਾਂਟ ਦੇ ਯੋਗ ਹੀ ਨਹੀਂ ਸਨ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਸੀ, ਉਨ੍ਹਾਂ ਦੀਆਂ ਫਾਈਲਾਂ ਅੱਜ ਵੀ ਨਗਰ ਨਿਗਮ ਵਿਚ ਪੈਂਡਿੰਗ ਪਈਆਂ ਹੋਈਆਂ ਹਨ।

ਇਸ ਸਾਰੇ ਘਪਲੇ ਵਿਚ ਜਲੰਧਰ ਨਗਰ ਨਿਗਮ ਦੇ ਕੁਝ ਸਾਬਕਾ ਕੌਂਸਲਰਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਨਗਰ ਨਿਗਮ ਦੇ ਸਟਾਫ਼ ਨਾਲ ਮਿਲ ਕੇ ਗ੍ਰਾਂਟ ਦੇ ਪੈਸਿਆਂ ਦੀ ਗਲਤ ਵੰਡ ਕਰਵਾਈ ਅਤੇ ਬਦਲੇ ਵਿਚ ਗ੍ਰਾਂਟ ਦਿਵਾਉਣ ਲਈ ਖ਼ੁਦ ਪੈਸੇ ਲਏ। ਪਤਾ ਲੱਗਾ ਹੈ ਕਿ ਇਸ ਗ੍ਰਾਂਟ ਵਿਚ ਗੜਬੜੀ ਨਾਲ ਸਬੰਧਤ ਕੇਸਾਂ ਦੀਆਂ ਸ਼ਿਕਾਇਤਾਂ ਪਿਛਲੇ ਲੰਮੇ ਸਮੇਂ ਤੋਂ ਹੋ ਰਹੀਆਂ ਸਨ, ਜਿਸ ਕਾਰਨ ਇਹ ਸਾਰਾ ਮਾਮਲਾ ਵਿਜੀਲੈਂਸ ਨੂੰ ਵੀ ਰੈਫਰ ਕੀਤਾ ਗਿਆ ਸੀ ਅਤੇ ਵਿਜੀਲੈਂਸ ਦਾ ਜਲੰਧਰ ਬਿਊਰੋ ਵੀ ਇਸ ਮਾਮਲੇ ਦੀ ਆਪਣੇ ਪੱਧਰ ’ਤੇ ਜਾਂਚ ਕਰ ਰਿਹਾ ਹੈ। ਓਧਰ ਨਗਰ ਨਿਗਮ ਪ੍ਰਸ਼ਾਸਨ ਕੋਲ ਇਸ ਗ੍ਰਾਂਟ ਵਿਚ ਗੜਬੜੀ ਨੂੰ ਲੈ ਕੇ ਜੋ ਤਾਜ਼ਾ ਸ਼ਿਕਾਇਤ ਪਹੁੰਚੀ ਹੈ, ਉਸ ਦੇ ਆਧਾਰ ’ਤੇ ਹੁਣ ਨਿਗਮ ਪ੍ਰਬੰਧਨ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਜਾਂਚ ਕਰ ਰਹੇ ਉੱਚ ਅਧਿਕਾਰੀ ਨੇ ਕੁਝ ਕੇਸਾਂ ਨਾਲ ਸਬੰਧਤ ਫਾਈਲਾਂ ਨੂੰ ਤਲਬ ਵੀ ਕਰ ਲਿਆ ਹੈ, ਜੋ ਸ਼ਹਿਰ ਦੇ ਅੰਦਰੂਨੀ ਵਾਰਡ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਸਹਿਮੇ ਲੋਕ

ਕਈਆਂ ਨੇ ਪੈਸੇ ਤਾਂ ਲਏ ਪਰ ਘਰ ਨਹੀਂ ਬਣਾਏ
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗ੍ਰਾਂਟ ਨਾਲ ਸਬੰਧਤ ਸ਼ਿਕਾਇਤ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਗ੍ਰਾਂਟ ਬਹੁਤੇ ਅਜਿਹੇ ਪਰਿਵਾਰਾਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਗ੍ਰਾਂਟ ਦੇ ਪੈਸੇ ਤਾਂ ਲੈ ਲਏ ਪਰ ਉਨ੍ਹਾਂ ਘਰਾਂ ਨੂੰ ਦੁਬਾਰਾ ਨਹੀਂ ਬਣਾਇਆ ਗਿਆ, ਜਿਨ੍ਹਾਂ ਲਈ ਇਹ ਗ੍ਰਾਂਟ ਆਈ ਸੀ। ਕੁਝ ਪਰਿਵਾਰਾਂ ਨੇ ਗ੍ਰਾਂਟ ਰਾਹੀਂ ਆਏ ਪੈਸੇ ਦੂਜੀ ਥਾਂ ’ਤੇ ਖਰਚ ਕਰ ਦਿੱਤੇ ਅਤੇ ਕਈਆਂ ਨੇ ਗ੍ਰਾਂਟ ਲੈਣ ਤੋਂ ਬਾਅਦ ਤੁਰੰਤ ਆਪਣੇ ਮਕਾਨ ਦੂਜਿਆਂ ਨੂੰ ਵੇਚ ਦਿੱਤੇ। ਹੁਣ ਇਸ ਗੱਲ ਦੀ ਜਾਂਚ ਸਾਈਟ ’ਤੇ ਜਾ ਕੇ ਕੀਤੀ ਜਾਵੇਗੀ ਕਿ ਜਿਸ ਮਕਾਨ ਲਈ ਗ੍ਰਾਂਟ ਦਿੱਤੀ ਗਈ, ਕੀ ਉਥੇ ਪੱਕਾ ਲੈਂਟਰ ਪਾਇਆ ਗਿਆ ਹੈ ਅਤੇ ਨਵਾਂ ਨਿਰਮਾਣ ਹੋਇਆ ਹੈ ਜਾਂ ਨਹੀਂ। ਇਸ ਗ੍ਰਾਂਟ ਦੀ ਗੜਬੜੀ ਵਿਚ ਸਭ ਤੋਂ ਜ਼ਿਆਦਾ ਨਾਂ ਨਿਗਮ ਦੀ ਸਬੰਧਤ ਬ੍ਰਾਂਚ ਦੇ ਇਕ ਕਰਮਚਾਰੀ ਦਾ ਆ ਰਿਹਾ ਹੈ, ਜਿਸ ਦੀ ਕਈ ਸਾਬਕਾ ਕੌਂਸਲਰਾਂ ਨਾਲ ਮਿਲੀਭੁਗਤ ਦੱਸੀ ਜਾ ਰਹੀ ਹੈ ਅਤੇ ਉਸ ਨੇ ਬਹੁਤ ਸਾਰੇ ਅਜਿਹੇ ਕੇਸ ਪਾਸ ਕਰ ਦਿੱਤੇ, ਜਿਥੇ ਗ੍ਰਾਂਟ ਨਹੀਂ ਦਿੱਤੀ ਜਾ ਸਕਦੀ ਸੀ।

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੁਰਦਾਸਪੁਰ 'ਚ ਲਹਿਰਾਇਆ ਕੌਮੀ ਝੰਡਾ

ਜੇਕਰ ਸੈਲਫ਼ ਚੈੱਕ ਨਾਲ ਰਿਸ਼ਵਤ ਲਈ ਗਈ ਤਾਂ ਵਿਜੀਲੈਂਸ ਜਾਂਚ ’ਚ ਸਾਹਮਣੇ ਆ ਜਾਵੇਗਾ
ਪਤਾ ਲੱਗਾ ਹੈ ਕਿ ਇਸ ਗ੍ਰਾਂਟ ਦੀ ਗੜਬੜੀ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਆਪਣੇ ਪੱਧਰ ’ਤੇ ਜੋ ਜਾਂਚ ਕੀਤੀ ਜਾ ਰਹੀ ਹੈ, ਇਸ ਵਿਚ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਰਹੇਗਾ ਕਿ ਇਸ ਗ੍ਰਾਂਟ ਨੂੰ ਦਿਵਾਉਣ ਲਈ ਕੁਝ ਲੋਕਾਂ ਨੇ ਸੈਲਫ਼ ਚੈੱਕ ਰਾਹੀਂ ਕਥਿਤ ਤੌਰ ’ਤੇ ਰਿਸ਼ਵਤ ਲਈ ਜਾਂ ਨਹੀਂ। ਵਿਜੀਲੈਂਸ ਅਧਿਕਾਰੀ ਅਜਿਹੇ ਬੈਂਕ ਖਾਤਿਆਂ ਦੀ ਜਾਂਚ ਕਰ ਸਕਦੇ ਹਨ, ਜਿੱਥੇ ਗ੍ਰਾਂਟ ਦੇ ਪੈਸਿਆਂ ਨਾਲ ਸਬੰਧਤ ਚੈੱਕ ਜਮ੍ਹਾ ਹੋਏ ਅਤੇ ਉਨ੍ਹਾਂ ਹੀ ਦਿਨਾਂ ਵਿਚ ਸੈਲਫ਼ ਚੈੱਕ ਰਾਹੀਂ ਪੈਸੇ ਕੱਢੇ ਗਏ। ਸੈਲਫ਼ ਦੇ ਉਸ ਚੈੱਕ ’ਤੇ ਖਾਤਾਧਾਰਕ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਸਾਈਨ ਸਨ ਜਾਂ ਨਹੀਂ, ਇਸ ਦੀ ਜਾਂਚ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 78ਵੇਂ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲਹਿਰਾਇਆ ਤਿਰੰਗਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News