ਪੰਜਾਬ ''ਚ ਗੰਭੀਰ ਹੋਇਆ ''ਬਿਜਲੀ ਸੰਕਟ'', ਮੁੱਖ ਮੰਤਰੀ ਦੇ ਸ਼ਹਿਰ ਤੱਕ ਪੁੱਜਾ ਕੱਟਾਂ ਦਾ ਸੇਕ

Thursday, Jul 01, 2021 - 08:30 AM (IST)

ਪੰਜਾਬ ''ਚ ਗੰਭੀਰ ਹੋਇਆ ''ਬਿਜਲੀ ਸੰਕਟ'', ਮੁੱਖ ਮੰਤਰੀ ਦੇ ਸ਼ਹਿਰ ਤੱਕ ਪੁੱਜਾ ਕੱਟਾਂ ਦਾ ਸੇਕ

ਪਟਿਆਲਾ (ਪਰਮੀਤ) : ਪੰਜਾਬ ਵਿਚ ਇਸ ਵੇਲੇ ਬਿਜਲੀ ਦੀ ਮੰਗ 14245 ਮੈਗਾਵਾਟ ਹੈ, ਜਦੋਂ ਕਿ ਇਸਦੇ ਮੁਕਾਬਲੇ ਸਪਲਾਈ 12695 ਮੈਗਾਵਾਟ ਹੈ। ਇਹ ਪ੍ਰਗਟਾਵਾ ਨਾਰਥਨ ਰੀਜ਼ਨ ਲੋਡ ਡਿਸਪੈਚ ਸੈਂਟਰ (ਐਨ. ਆਰ. ਐਲ. ਡੀ. ਸੀ.) ਨੇ ਕੀਤਾ ਹੈ। ਐਨ. ਆਰ. ਐਲ. ਡੀ. ਸੀ. ਦੀ ਰਿਪੋਰਟ ਦੇ ਮੁਤਾਬਕ ਪੰਜਾਬ ਵਿਚ ਬੀਤੀ ਦੁਪਹਿਰ 12 ਵਜੇ ਦੇ ਕਰੀਬ ਮੰਗ 12695 ਤੱਕ ਰਹੀ ਹੈ, ਜਿਸ ਦੀ ਪੂਰਤੀ ਹੋਈ ਹੈ, ਜਦੋਂ ਕਿ ਕੁੱਲ ਮੰਗ 14245 ਮੈਗਾਵਾਟ ਹੈ। ਮਤਲਬ ਕਿ ਸੂਬੇ ਕੋਲ 1550 ਮੈਗਾਵਾਟ ਬਿਜਲੀ ਘੱਟ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਰਾਹੁਲ ਨੇ 'ਸਿੱਧੂ' ਨੂੰ ਦਿੱਤਾ ਇਹ ਫ਼ਾਰਮੂਲਾ
ਇਸ ਦੌਰਾਨ ਪਾਵਰਕਾਮ ਦੀ ਆਪਣੀ ਰੋਜ਼ਾਨਾ ਰਿਪੋਰਟ ਮੁਤਾਬਕ ਬਿਜਲੀ ਸਪਲਾਈ ਦੀ ਘਾਟ ਕਾਰਨ ਕੱਟਾਂ ਦਾ ਸਿਲਸਿਲਾ ਜਾਰੀ ਹੈ। ਜਿੱਥੇ ਪਾਵਰਕਾਮ ਨੇ ਮੰਗ ਤੇ ਸਪਲਾਈ ਵਿਚਕਾਰਲਾ ਖੱਪਾ ਪੂਰਨ ਲਈ 27 ਜੂਨ ਤੱਕ ਸਿਰਫ 6 ਲੱਖ ਯੂਨਿਟ ਬਿਜਲੀ ਦੀ ਘਾਟ ਕਾਰਨ ਕੱਟ ਲਗਾਏ ਸੀ, ਉੱਥੇ ਹੀ 28 ਜੂਨ ਨੂੰ 60 ਲੱਖ ਯੂਨਿਟ ਤੇ 29 ਜੂਨ ਨੂੰ 132 ਲੱਖ ਯੂਨਿਟ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਕੱਟ ਲਗਾਏ ਗਏ। ਇਸ ਰਿਪੋਰਟ ਮੁਤਾਬਕ 29 ਜੂਨ ਨੂੰ ਬਿਜਲੀ ਦੀ ਮੰਗ 3101 ਲੱਖ ਯੂਨਿਟ ਸੀ, ਜਦੋਂਕਿ ਪਾਵਰਕਾਮ ਕੋਲ ਸਪਲਾਈ ਸਿਰਫ 2969 ਲੱਖ ਯੂਨਿਟ ਸੀ, ਜਿਸ ਕਾਰਨ 132 ਲੱਖ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਹਨ।

ਮੁੱਖ ਮੰਤਰੀ ਦੇ ਸ਼ਹਿਰ ਪੁੱਜਾ ਬਿਜਲੀ ਕੱਟਾਂ ਦਾ ਸੇਕ

ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਕੱਟ ਲੱਗਣ ਦਾ ਸੇਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵੀ ਪਹੁੰਚ ਗਿਆ, ਜਿੱਥੇ ਬੀਤੇ ਦਿਨ ਤਕਰੀਬਨ ਦੋ ਘੰਟੇ ਦਾ ਬਿਜਲੀ ਕੱਟ ਲਗਾਇਆ ਗਿਆ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਇਸ ਚੋਣ ਵਰ੍ਹੇ ਵਿਚ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੀ ਯੋਜਨਾਬੰਦੀ ਵਿਚ ਬੁਰੀ ਤਰ੍ਹਾਂ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਰਜ਼ੀ 'ਕਾਲ ਸੈਂਟਰ' ਦਾ ਪਰਦਾਫਾਸ਼, ਵਿਦੇਸ਼ਾਂ 'ਚ ਕਾਲ ਕਰਕੇ ਠੱਗੇ ਜਾਂਦੇ ਸੀ ਲੱਖਾਂ ਰੁਪਏ (ਤਸਵੀਰਾਂ)

ਜਿੱਥੇ ਪਹਿਲਾਂ ਪਾਵਰ ਇੰਜੀਨੀਅਰਜ਼ ਨੇ ਸਪਲਾਈ, ਸਮਾਨ ਤੇ ਮੈਨ ਪਾਵਰ ਘੱਟ ਹੋਣ ਦਾ ਅਲਰਟ ਕੀਤਾ ਸੀ, ਉੱਥੇ ਹੀ ਇਸ ਵਾਰ ਪਾਵਰਕਾਮ ਨਾ ਸਿਰਫ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਨਾਕਾਮ ਰਿਹਾ ਹੈ, ਸਗੋਂ ਸ਼ਹਿਰੀ ਲੋਕਾਂ ਨੂੰ ਵੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕਾਮ ਦੇ ਸੂਤਰਾਂ ਮੁਤਾਬਕ ਇਸ ਵੇਲੇ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਬਿਜਲੀ ਕੱਟ ਲਗਾਏ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News