ਪਾਵਰਕਾਮ ਦਾ ਫੈਸਲਾ : ਠੇਕੇ ''ਤੇ ਕੰਮ ਕਰ ਰਹੇ 1000 ਲਾਈਨਮੈਨ ਹੋਣਗੇ ਪੱਕੇ

Wednesday, Sep 04, 2019 - 09:37 AM (IST)

ਪਾਵਰਕਾਮ ਦਾ ਫੈਸਲਾ : ਠੇਕੇ ''ਤੇ ਕੰਮ ਕਰ ਰਹੇ 1000 ਲਾਈਨਮੈਨ ਹੋਣਗੇ ਪੱਕੇ

ਪਟਿਆਲਾ (ਜੋਸਨ)—ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਅੱਜ ਇਥੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਮੀਟਿੰਗ ਮੌਕੇ ਫੈਸਲਾ ਕੀਤਾ ਕਿ 30 ਸਤੰਬਰ ਤੱਕ ਠੇਕੇ 'ਤੇ ਕੰਮ ਕਰ ਰਹੇ 1000 ਲਾਈਨਮੈਨ ਪੱਕੇ ਕਰ ਦਿੱਤੇ ਜਾਣਗੇ। ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮੈਨੇਜਮੈਂਟ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਮੁਲਾਜ਼ਮਾਂ ਦੇ ਪੇ-ਬੈਂਡ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰ ਕੇ ਮਸਲਾ ਕਰਵਾਇਆ ਜਾਵੇਗਾ। ਬਿਜਲੀ ਨਿਗਮ ਵਿਚ ਭਰਤੀ ਵਿਚ ਆਈ ਖੜੋਤ ਦੂਰ ਕਰ ਦਿੱਤੀ ਗਈ ਹੈ। ਇਸ ਸਬੰਧੀ 5 ਸਤੰਬਰ ਤੋਂ ਆਨਲਾਈਨ ਭਰਤੀ ਲਈ ਫਾਰਮ ਭਰੇ ਜਾ ਸਕਣਗੇ । ਰਜਿਸਟਰੇਸ਼ਨ 1 ਅਕਤੂਬਰ ਤੋਂ ਆਗੂਆਂ ਨੇ ਕਿਹਾ ਕਿ 3500 ਸਹਾਇਕ ਲਾਈਨਮੈਨਾਂ ਲਈ 15 ਦਿਨਾਂ ਵਿਚ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਹੜੇ ਵਰਕਚਾਰਜ ਕਾਮਿਆਂ ਦੇ 10 ਅਤੇ 12 ਸਾਲ ਪੂਰੇ ਹੋ ਜਾਣਗੇ, ਨੂੰ ਸਹਾਇਕ ਲਾਈਨਮੈਨ ਬਣਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। 2004 ਤੋਂ ਪਹਿਲਾਂ ਮ੍ਰਿਤਕ ਕਰਮਚਾਰੀਆਂ ਨੂੰ ਸਿਲੇਸੀਅਮ ਲੈਣ ਦਾ ਮੌਕਾ ਦਿੱਤਾ ਜਾਵੇਗਾ। ਜੇ. ਈਜ਼ ਨੂੰ 4-ਜੀ ਸਿਮ ਦੀ ਸਹੂਲਤ ਦੇਣ ਦਾ ਫੈਸਲਾ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਲਈ ਨਵੀਂ ਮੈਡੀਕਲ ਕੈਸ਼ਲੈੱਸ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ 42 ਮੰਗਾਂ ਦੇ ਮੰਗ-ਪੱਤਰ 'ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਮੈਨੇਜਮੈਂਟ ਵੱਲੋਂ ਇੰਜੀ. ਬਲਦੇਵ ਸਿੰਘ ਸਰਾਂ ਚੇਅਰਮੈਨ, ਆਰ. ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀ. ਧਰਮਵੀਰ ਗਾਂਧੀ ਮੁੱਖ ਇੰਜੀ. ਐੱਚ. ਆਰ. ਡੀ., ਇੰਜੀ. ਕੁਲਜੀਤ ਸਿੰਘ ਭਾਟੀਆ, ਬੀ. ਐੱਸ. ਗੁਰਮ, ਅਸ਼ੋਕ ਕੁਮਾਰ ਅਤੇ ਜਥੇਬੰਦੀਆ ਵੱਲੋਂ ਮਨਜੀਤ ਸਿੰਘ ਚਾਹਲ, ਨਰਿੰਦਰ ਸੈਣੀ, ਮਹਿੰਦਰ ਸਿੰਘ ਲਹਿਰਾ, ਜਰਨੈਲ ਸਿੰਘ ਚੀਮਾ, ਦਵਿੰਦਰ ਸਿੰਘ ਪਿਸ਼ੌਰ, ਸੁਰਿੰਦਰਪਾਲ ਲਾਹੌਰੀਆ, ਕਮਲ ਕੁਮਾਰ ਪਟਿਆਲਾ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਜੁਆਇੰਟ ਫੋਰਮ ਵੱਲੋਂ ਅੱਜ ਦੀ ਹੜਤਾਲ ਮੁਲਤਵੀ
ਮੀਟਿੰਗ ਮੌਕੇ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮਹੱਤਵਪੂਰਨ ਮੰਗਾਂ ਮੰਨਣ/ਲਾਗੂ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਫੋਰਮ ਦੇ ਆਗੂਆਂ ਨੇ 4 ਸਤੰਬਰ ਦੀ ਇਕ ਰੋਜ਼ਾ ਹੜਤਾਲ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।


author

Shyna

Content Editor

Related News