ਪਾਵਰਕਾਮ ਪੈਨਸ਼ਨਰਾਂ ਵੱਲੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ

Tuesday, Mar 13, 2018 - 05:54 AM (IST)

ਪਾਵਰਕਾਮ ਪੈਨਸ਼ਨਰਾਂ ਵੱਲੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਪਾਵਰਕਾਮ ਸਬ ਅਰਬਨ ਡਵੀਜ਼ਨ ਵਿਖੇ ਅੱਜ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਡੀ. ਕੇ. ਮਹਿਤਾ ਤੇ ਰਤਨ ਲਾਲ ਦੀ ਅਗਵਾਈ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਨੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਡੀ. ਕੇ. ਮਹਿਤਾ ਨੇ ਕਿਹਾ ਕਿ ਵਾਰ-ਵਾਰ ਮੰਗਾਂ ਮੰਨੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਵੀ ਸਰਕਾਰ ਤੇ ਮੈਨੇਜਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ, ਜਿਸਨੂੰ ਲੈ ਕੇ ਸਮੂਹ ਪਾਵਰਕਾਮ ਪੈਨਸ਼ਨਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਪਟਿਆਲਾ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 
ਆਗੂਆਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 
ਰੋਸ ਰੈਲੀ ਦੌਰਾਨ ਤਰਸੇਮ ਲਾਲ, ਨਿਰਮਲ ਸਿੰਘ ਪਟਿਆਲ, ਧਰਮਿੰਦਰ ਸਿੰਘ, ਰਜਿੰਦਰ ਸਿੰਘ, ਇਕਬਾਲ ਸਿੰਘ ਬੈਂਸ, ਆਰ. ਬੀ. ਮਲਹੋਤਰਾ, ਅੰਮ੍ਰਿਤ ਲਾਲ, ਪ੍ਰੀਤਮ ਚੰਦ ਸ਼ਰਮਾ, ਮਲਕੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਦਸੂਹਾ, (ਸੰਜੇ ਰੰਜਨ)-ਪੈਨਸ਼ਨਰਜ਼ ਐਸੋਸੀਏਸ਼ਨ (ਪਾਵਰਕਾਮ) ਦੀ ਮੀਟਿੰਗ ਮੰਡਲ ਪ੍ਰਧਾਨ ਹਰੀ ਗੋਪਾਲ ਦੀ ਅਗਵਾਈ 'ਚ ਬਾਬਾ ਸ਼ਾਂਤੀ ਗਿਰੀ ਲੰਗਰ ਹਾਲ ਦਸੂਹਾ ਵਿਖੇ ਹੋਈ, ਜਿਸ ਵਿਚ ਦਸੂਹਾ ਮੰਡਲ ਨਾਲ ਸਬੰਧਤ ਸਾਰੇ ਪੈਨਸ਼ਨਰਾਂ ਨੇ ਹਿੱਸਾ ਲਿਆ। ਮੰਡਲ ਪ੍ਰਧਾਨ ਹਰੀ ਗੋਪਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵੱਡੀ ਗਿਣਤੀ 'ਚ ਹੈੱਡ ਆਫਿਸ ਪਟਿਆਲਾ ਵਿਖੇ 7 ਮਾਰਚ ਨੂੰ ਵੱਡਾ ਵਿਖਾਵਾ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਪੈਨਸ਼ਨਰਾਂ ਨੂੰ ਸਮੇਂ-ਸਿਰ ਪੈਨਸ਼ਨ ਦੇਣ 'ਚ ਕੋਤਾਹੀ ਵਰਤੀ ਗਈ ਤਾਂ ਪਾਵਰਕਾਮ ਮੈਨੇਜਮੈਂਟ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। 
ਪੈਨਸ਼ਨਰਾਂ ਨੇ ਹਾਲ ਹੀ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਯੂ.ਪੀ., ਬਿਹਾਰ, ਪੱਛਮੀ ਬੰਗਾਲ, ਤ੍ਰਿਪੁਰਾ ਆਦਿ ਸੂਬਿਆਂ 'ਚ ਵਿਦਵਾਨਾਂ ਦੀਆਂ ਮੂਰਤੀਆਂ ਤੋੜਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਾਨੂੰ ਜਮਹੂਰੀਅਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੀਟਿੰਗ 'ਚ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ 'ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਸੰਤੋਸ਼ ਕੁਮਾਰ ਅਤੇ ਮਹਿੰਦਰ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਨੂੰ ਬਿਜਲੀ ਕੁਨੈਕਸ਼ਨ ਦੀ ਸਹੂਲਤ ਬਹਾਲ ਕੀਤੀ ਜਾਵੇ ਅਤੇ ਬੰਦ ਕੀਤੀ ਮੈਡੀਕਲ ਕੈਸ਼ਲੈੱਸ ਸਕੀਮ ਮੁੜ ਸ਼ੁਰੂ ਕੀਤੀ ਜਾਵੇ।


Related News