ਆਖ਼ਰ ਇਕ ਮਹੀਨੇ ਬਾਅਦ ਖੁੱਲ੍ਹੇ ਪਾਵਰਕਾਮ ਮੁੱਖ ਦਫ਼ਤਰ ਦੇ ਗੇਟ, 90 ਦਿਨਾਂ ਤੋਂ ਚੱਲ ਰਿਹਾ ਧਰਨਾ ਖ਼ਤਮ
Tuesday, Dec 14, 2021 - 11:48 AM (IST)
ਪਟਿਆਲਾ (ਮਨਦੀਪ ਜੋਸਨ) : ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਵੱਲੋਂ ਪਿਛਲੇ 1 ਮਹੀਨੇ ਤੋਂ ਪਾਵਰਕਾਮ ਦਾ ਮੁੱਖ ਗੇਟ ਬੰਦ ਕਰ ਕੇ ਲਗਾਏ ਧਰਨੇ ਨੂੰ ਆਖ਼ਰ ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਅਤੇ ਨੌਜਵਾਨ ਨੇਤਾ ਗਗਨਦੀਪ ਸਿੰਘ ਜੌਲੀ ਜਲਾਲਪੁਰ ਦੇ ਯਤਨਾਂ ਸਦਕਾ ਖੋਲ੍ਹ ਦਿੱਤਾ ਗਿਆ ਹੈ। ਜੌਲੀ ਜਲਾਲਪੁਰ ਨੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰ ਕੇ ਮ੍ਰਿਤਕ ਆਸ਼ਰਿਤਾਂ ਦਾ ਧਰਨਾ ਖ਼ਤਮ ਕਰਵਾ ਦਿੱਤਾ ਹੈ ਅਤੇ 7ਵੀਂ ਮੰਜ਼ਿਲ ਤੋਂ 11 ਧਰਨਾਕਾਰੀ ਵੀ ਉਤਾਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸਿਰਫ ਇਕ ਹਫ਼ਤੇ ਪਹਿਲਾਂ ਹੀ ਜੌਲੀ ਜਲਾਲਪੁਰ ਪਾਵਰਕਾਮ ਦੇ ਪ੍ਰਬੰਧਕੀ ਡਾਇਰੈਕਟਰ ਬਣੇ ਹਨ।
ਪਹਿਲੇ ਦਿਨ ਵੀ ਉਨ੍ਹਾਂ ਇਨ੍ਹਾਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਮਨਾ ਕੇ ਆਪਣੀ ਕੁਰਸੀ ’ਤੇ ਬੈਠੇ ਸਨ, ਉਸ ਤੋਂ ਬਾਅਦ ਫਿਰ ਗੇਟ ਬੰਦ ਸਨ। ਪਾਵਰਕਾਮ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ 1 ਮਹੀਨੇ ਤੋਂ ਮੁੱਖ ਦਫ਼ਤਰ ਦੇ ਤਿੰਨੇ ਗੇਟ ਬੰਦ ਰਹੇ ਹੋਣ। ਜੌਲੀ ਜਲਾਲਪੁਰ ਨੇ ਆਖਿਆ ਕਿ ਉਨ੍ਹਾਂ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨਾਲ ਨੌਕਰੀ ਦਿਵਾਉਣ ਲਈ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਸ਼ਿਰਤਾਂ ਨੂੰ ਨੌਕਰੀ ਦੇਣ ਲਈ ਇਕ ਪਾਲਿਸੀ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ, ਜਿਸ ਉੱਪਰ ਜਲਦੀ ਹੀ ਅਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇਗੀ।
ਪਾਵਰਕਾਮ ਦੇ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ। ਜ਼ਿਕਰਯੋਗ ਹੈ ਕਿ ਜਿਨ੍ਹਾਂ ਗੇਟਾਂ ਨੂੰ ਪਿਛਲੇ 1 ਮਹੀਨ ਤੋਂ ਸਾਰੀ ਮੈਨੇਜਮੈਂਟ ਨਾ ਖੁੱਲ੍ਹਵਾ ਸਕੀ, ਉਹ ਕੰਮ ਜੋਲੀ ਜਲਾਲਪੁਰ ਨੇ ਕਰ ਕੇ ਵਿਖਾਇਆ ਹੈ। ਡਾਇਰੈਕਟਰ ਪ੍ਰਬੰਧਕੀ ਦੇ ਇਨ੍ਹਾਂ ਯਤਨਾਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਆਸ਼ਰਿਤ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਦੀ ਡਿਮਾਂਡ ਮੁੱਖ ਮੰਤਰੀ ਕੋਲੋਂ ਜਲਦੀ ਹੀ ਮਨਵਾ ਲਈ ਜਾਵੇਗੀ।