ਸਟਾਫ਼ ਦੀ ਸ਼ਾਰਟੇਜ ਨਾਲ ਜੂਝ ਰਿਹੈ ਪਾਵਰਕਾਮ, ਮੀਂਹ ਦੇ ਮੌਸਮ ''ਚ 3,500 ਤੋਂ ਵੱਧ ਸ਼ਿਕਾਇਤਾਂ ਨਾਲ ਵਧੀਆਂ ਮੁਸ਼ਕਲਾਂ
Wednesday, Aug 28, 2024 - 04:21 AM (IST)
ਜਲੰਧਰ (ਪੁਨੀਤ)– ਮੀਂਹ ਕਾਰਨ ਬਿਜਲੀ ਦੀ ਖ਼ਰਾਬੀ ਦੇ ਕੇਸਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ, ਜੋ ਕਿ ਪਾਵਰਕਾਮ ਦੇ ਅਧਕਿਾਰੀਆਂ ਤੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸਟਾਫ ਸ਼ਾਰਟੇਜ ਦਾ ਸਾਹਮਣਾ ਕਰ ਰਹੇ ਪਾਵਰਕਾਮ ਲਈ ਮੀਂਹ ਦਾ ਮੌਸਮ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਫਾਲਟ ਵਧਣ ਕਾਰਨ ਖਪਤਕਾਰਾਂ ਦਾ ਦਬਾਅ ਵਧਦਾ ਹੈ ਅਤੇ ਇਸ ਨਾਲ ਨਜਿੱਠਣ ਲਈ ਅਧਕਿਾਰੀਆਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪੈਂਦੀ ਹੈ।
ਮੀਂਹ ਤੋਂ ਬਾਅਦ ਨਾਰਥ ਜ਼ੋਨ ਅਧੀਨ 3500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕਈ ਇਲਾਕਿਆਂ ਵਿਚ ਮੀਂਹ ਸਮੇਂ ਬੰਦ ਹੋਈ ਬਿਜਲੀ ਕਈ ਘੰਟੇ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਕਈ ਇਲਾਕਿਆਂ ਵਿਚ ਮੀਂਹ ਤੋਂ ਬਾਅਦ ਬਿਜਲੀ ਚਾਲੂ ਹੋਈ ਅਤੇ ਬਾਅਦ ਵਿਚ ਫਿਊਜ਼ ਉੱਡ ਗਿਆ। ਕੁਝ ਇਲਾਕਿਆਂ ਵਿਚ ਟਰਾਂਸਫਾਰਮਰ ਦੇ ਫਾਲਟ ਠੀਕ ਹੋਣ ਵਿਚ ਕਈ ਘੰਟਿਆਂ ਦਾ ਸਮਾਂ ਲੱਗ ਗਿਆ, ਜਿਸ ਨਾਲ ਖਪਤਕਾਰ ਹਾਲੋ-ਬੇਹਾਲ ਹੁੰਦੇ ਦੇਖੇ ਗਏ।
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਮੌਸਮ ਵਿਚ ਬਦਲਾਅ (ਮੀਂਹ ਅਤੇ ਹਨੇਰੀ) ਆਉਣ ਨਾਲ ਬਿਜਲੀ ਦੇ ਫਾਲਟ ਬਹੁਤ ਵਧ ਜਾਂਦੇ ਹਨ ਅਤੇ ਇਸ ਤੋਂ ਬਾਅਦ ਸ਼ਿਕਾਇਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਖਪਤਕਾਰਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਫਾਲਟ ਆਉਣ ਤੋਂ ਬਾਅਦ ਰਿਪੇਅਰ ਕਰਨ ਵਾਲੇ ਕਰਮਚਾਰੀ ਸਮਾਂ ਰਹਿੰਦੇ ਮੌਕੇ ’ਤੇ ਨਹੀਂ ਪਹੁੰਚਦੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ।
ਅਧਕਿਾਰੀਆਂ ਦਾ ਕਹਿਣਾ ਸੀ ਕਿ ਮੀਂਹ ਦੌਰਾਨ ਅਹਿਤਿਆਤ ਵਜੋਂ ਬਿਜਲੀ ਨੂੰ ਬੰਦ ਕੀਤਾ ਜਾਂਦਾ ਹੈ। ਮੀਂਹ ਤੋਂ ਬਾਅਦ ਫੀਡਰ ਚਾਲੂ ਹੋਣ ਨਾਲ ਸੈਂਕੜੇ ਸਮੱਸਿਆਵਾਂ ਇਕੋ ਵੇਲੇ ਹੱਲ ਹੋ ਜਾਂਦੀਆਂ ਹਨ। ਇਸ ਲਈ ਖਪਤਕਾਰਾਂ ਨੂੰ ਮੀਂਹ ਰੁਕਣ ਦੀ ਉਡੀਕ ਕਰਨੀ ਚਾਹੀਦੀ ਹੈ। ਆਲਮ ਇਹ ਹੈ ਕਿ ਵਿਭਾਗ ਕੋਲ ਟੈਕਨੀਕਲ ਸਟਾਫ ਦੀ ਭਾਰੀ ਕਮੀ ਹੈ, ਜਿਸ ਕਾਰਨ ਕਰਮਚਾਰੀ ਫਾਲਟ ਵਾਲੀਆਂ ਸਾਰੀਆਂ ਥਾਵਾਂ ’ਤੇ ਨਹੀਂ ਪਹੁੰਚ ਪਾਉਂਦੇ ਅਤੇ ਉਨ੍ਹਾਂ ਨੂੰ ਖਪਤਕਾਰਾਂ ਦੇ ਗੁੱਸੇ ਦਾ ਸ਼ਕਿਾਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਤੇ ਡਿੰਪੀ ਢਿੱਲੋਂ ਦੇ ਵੱਖੋ-ਵੱਖ ਹੋ ਗਏ ਰਾਹ, ਲੋਕਾਂ ਨੇ ਕਿਹਾ- ''ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ...''
ਵੱਖ-ਵੱਖ ਇਲਾਕਿਆਂ ਵਿਚ ਦੇਰ ਸ਼ਾਮ ਤਕ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨ ਵਾਲੇ ਖਪਤਕਾਰਾਂ ਨੇ ਕਿਹਾ ਕਿ ਵਿਭਾਗ ਨੂੰ ਸਟਾਫ ਵਧਾਉਣਾ ਚਾਹੀਦਾ ਹੈ। ਦੇਖਣ ਵਿਚ ਆ ਰਿਹਾ ਹੈ ਕਿ ਬੱਤੀ ਬੰਦ ਰਹਿਣ ਕਾਰਨ ਲੋਕਾਂ ਦੇ ਦਿਲਾਂ ਵਿਚ ਵਿਭਾਗ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਬਿਜਲੀ ਦੇ ਫਾਲਟ ਕਾਰਨ ਸ਼ਾਮ ਤੋਂ ਬਾਅਦ ਬਾਜ਼ਾਰਾਂ ਵਿਚ ਵੀ ਕੰਮਕਾਜ ਪ੍ਰਭਾਵਿਤ ਹੋਇਆ ਹੈ। ਵੱਖ-ਵੱਖ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਬਿਜਲੀ ਕਰਮਚਾਰੀ ਹਲਕੇ ਮੀਂਹ ਵਿਚ ਵੀ ਫਾਲਟ ਠੀਕ ਕਰਦੇ ਦੇਖੇ ਗਏ।
ਫਿਲਹਾਲ ਬੱਦਲ ਛਾਏ ਹੋਏ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਮੀਂਹ ਪੈਣ ਨਾਲ ਫਿਰ ਤੋਂ ਫਾਲਟ ਵਧ ਸਕਦੇ ਹਨ। ਨਾਂ ਨਾ ਛਾਪਣ ਦੀ ਸੂਰਤ ਵਿਚ ਕਰਮਚਾਰੀਆਂ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਵਿਚ ਸਿਸਟਮ ਅਪ-ਟੂ-ਡੇਟ ਨਹੀਂ ਹੈ, ਜਿਸ ਕਾਰਨ ਮੀਂਹ ਵਿਚ ਫਾਲਟ ਪੈਣ ਦੇ ਕੇਸ ਵਧ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸਟਾਫ ਵਧਾਉਣਾ ਚਾਹੀਦਾ ਹੈ।
1912 ਮਿਲਦਾ ਨਹੀਂ, ਲੋਕਲ ਨੰਬਰ ਬਿਜ਼ੀ
ਖਪਤਕਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਕੰਪਲੇਂਟ ਨੰਬਰ 1912 ਹਰ ਵਾਰ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸ ਨੰਬਰ ’ਤੇ ਲੰਮੇ ਸਮੇਂ ਤਕ ਕਾਲ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੋਨ ਨਹੀਂ ਮਿਲਦਾ। ਇਸ ਕਾਰਨ ਕਈ ਵਾਰ ਸਮੇਂ ’ਤੇ ਸ਼ਿਕਾਇਤਾਂ ਦਰਜ ਨਹੀਂ ਹੋ ਪਾਉਂਦੀਆਂ। ਖਪਤਕਾਰਾਂ ਨੇ ਕਿਹਾ ਕਿ ਵਿਭਾਗ ਨੇ 1912 ਦੇ ਬਦਲ ਵਜੋਂ ਡਵੀਜ਼ਨ ਪੱਧਰ ਦੇ ਜਿਹੜੇ ਨੰਬਰ ਮੁਹੱਈਆ ਕਰਵਾਏ ਹਨ, ਉਹ ਹਰ ਸਮੇਂ ਬਿਜ਼ੀ ਰਹਿੰਦੇ ਹਨ।
ਦਫਤਰਾਂ ’ਚ ਨਹੀਂ ਮਿਲਦੇ ਕਰਮਚਾਰੀ, ਫੋਨ ’ਤੇ ਕਰੋ ਸ਼ਿਕਾਇਤ
ਫੋਨ ਨੰਬਰ ਨਾ ਮਿਲਣ ਕਾਰਨ ਆਖਿਰ ਵਿਚ ਲੋਕ ਸ਼ਿਕਾਇਤ ਕੇਂਦਰ ਵਿਚ ਜਾ ਕੇ ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦੇਖਣ ਵਿਚ ਆਉਂਦਾ ਹੈ ਕਿ ਕਈ ਸ਼ਿਕਾਇਤ ਕੇਂਦਰਾਂ ਵਿਚ ਤਾਲੇ ਲਟਕ ਰਹੇ ਹੁੰਦੇ ਹਨ ਜਾਂ ਦਫਤਰ ਖਾਲੀ ਹੁੰਦਾ ਹੈ। ਫੀਲਡ ਸਟਾਫ ਦਾ ਕਹਿਣਾ ਹੈ ਕਿ ਸ਼ਿਕਾਇਤ ਆਉਣ ’ਤੇ ਤੁਰੰਤ ਪ੍ਰਭਾਵ ਨਾਲ ਸਾਈਟ ’ਤੇ ਚਲੇ ਜਾਂਦੇ ਹਨ, ਜਿਸ ਕਾਰਨ ਹਰ ਸਮੇਂ ਸ਼ਿਕਾਇਤ ਕੇਂਦਰ ਵਿਚ ਕਿਸੇ ਦਾ ਰਹਿਣਾ ਸੰਭਵ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸ਼ਿਕਾਇਤ ਕੇਂਦਰਾਂ ਵਿਚ ਆਉਣ ਦੀ ਥਾਂ ਸ਼ਿਕਾਇਤ ਕੇਂਦਰਾਂ ਦੇ ਫੋਨ ’ਤੇ ਹੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e