ਪਾਵਰਕਾਮ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕਰ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ

Tuesday, Mar 13, 2018 - 03:37 AM (IST)

ਪਾਵਰਕਾਮ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕਰ ਕੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਨਾਭਾ,   (ਭੁਪਿੰਦਰ ਭੂਪਾ)-  ਜੁਆਇੰਟ ਫੋਰਮ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਦੇ ਸੱਦੇ 'ਤੇ ਅੱਜ ਮੰਡਲ ਦਫ਼ਤਰ ਗਰਿੱਡ ਚੌਕ ਨਾਭਾ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਲੋਕ ਵਿਰੋਧੀ ਫੈਸਲੇ ਮੁਤਾਬਕ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ। ਬਿਜਲੀ ਐਕਟ 2003 ਦੇ ਮਾੜੇ ਨਤੀਜਿਆਂ ਤਹਿਤ ਅੱਜ ਬਿਜਲੀ ਬੋਰਡ ਨੂੰ ਤੋੜ ਕੇ ਧੜਾ-ਧੜ ਪ੍ਰਾਈਵੇਟ ਹੱਥ ਵਿਚ ਦਿੱਤਾ ਜਾ ਰਿਹਾ ਹੈ, ਜਦਕਿ ਜੁਆਇੰਟ ਫੋਰਮ ਵੱਲੋਂ ਐਕਟ ਪਾਸ ਹੋਣ ਤੋਂ ਪਹਿਲਾਂ ਹੀ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ, ਜੋ ਕਿ ਪੂਰਾ ਹੋ ਚੁੱਕਾ ਹੈ। ਇਸ ਤੋਂ ਵੀ ਅੱਗੇ ਬਿਜਲੀ ਬੋਰਡ ਦਾ ਭੋਗ ਪਾਉਣ ਲਈ ਸਰਕਾਰ ਵੱਲੋਂ ਬਿਜਲੀ ਐਕਟ 2014 ਪਾਸ ਕਰਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਐਕਟ ਪਾਸ ਹੋ ਜਾਂਦਾ ਹੈ ਤਾਂ ਇਸ ਦੇ ਨਤੀਜੇ ਬਿਜਲੀ ਐਕਟ 2003 ਤੋਂ ਵੀ ਭੈੜੇ ਹੋਣਗੇ। ਸਰਕਾਰਾਂ ਅਤੇ ਮੈਨੇਜਮੈਂਟ ਨਵਾਂ ਪੇ-ਕਮਿਸ਼ਨ ਭੁੱਲ ਗਏ ਹਨ। ਡੀ. ਏ. ਦੀਆਂ ਕਿਸ਼ਤਾਂ ਜੋ ਕਿ ਪਿਛਲੇ ਸਾਲ ਤੋਂ ਪੈਂਡਿੰਗ ਪਈਆਂ ਹਨ ਤੇ ਪੇ-ਬੈਂਡ ਦੇਣ ਤੋਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਸਰਕਾਰਾਂ ਟੇਢੇ ਢੰਗ ਨਾਲ ਸਬਸਿਡੀਆਂ ਖਤਮ ਕਰ ਕੇ ਕਰਮਚਾਰੀਆਂ 'ਤੇ ਵਾਧੂ ਲੋਡ ਪਾ ਕੇ ਉਨ੍ਹਾਂ ਨੂੰ ਮੈਂਟਲੀ ਪ੍ਰੀਪੇਅਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਹੀ ਕਰਮਚਾਰੀਆਂ ਦੀ ਜਬਰੀ ਛਾਂਟੀ ਕੀਤੀ ਜਾ ਸਕੇ। ਕਨਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕੋਈ ਯੋਗ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਤੇ ਬਿਜਲੀ ਬੋਰਡ ਮੈਨੇਜਮੈਂਟ ਤੋਂ ਫੌਰੀ ਮੰਗ ਕੀਤੀ ਗਈ ਹੈ ਕਿ ਜੁਆਇੰਟ ਫੋਰਮ ਨਾਲ ਗੱਲਬਾਤ ਕਰ ਕੇ ਫੌਰੀ ਮਸਲੇ ਹੱਲ ਕੀਤੇ ਜਾਣ। ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਲਦੀ ਹੀ ਇਨ੍ਹਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਪੱਧਰ 'ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਗੁਰਬਚਨ ਸਿੰਘ, ਪ੍ਰੀਤਮ ਸਿੰਘ, ਨਿਰਮਲ ਕੁਮਾਰ, ਕ੍ਰਿਸ਼ਨ ਕੁਮਾਰ, ਦਲਵੀਰ ਸਿੰਘ, ਦਰਬਾਰਾ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਕਰਮਜੀਤ ਸਿੰਘ, ਕਮਲਜੀਤ ਸਿੰਘ, ਨਰਿੰਦਰ ਸਿੰਘ, ਨਛੱਤਰ ਸਿੰਘ, ਧਰਮਪਾਲ ਸਿੰਘ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਰਹੇ।


Related News