ਬਿਜਲੀ ਚੋਰੀ : ਪੰਜਾਬ ਦੇ ਬਾਰਡਰ ਜ਼ੋਨ ’ਚ ਲਾਸਿਸ ਨਾਲ ਇਕ ਸਾਲ ’ਚ ਹੋਇਆ 1100 ਕਰੋੜ ਦਾ ਨੁਕਸਾਨ

05/21/2022 2:33:31 PM

ਜਲੰਧਰ (ਪੁਨੀਤ)– ਪਾਵਰਕਾਮ ਬਿਜਲੀ ਚੋਰੀ ਅਤੇ ਲਾਸਿਸ ਨੂੰ ਰੋਕਣ ਵਿਚ ਕਾਮਯਾਬ ਹੋ ਜਾਵੇ ਤਾਂ ਪ੍ਰਤੀ ਸਾਲ ਹੋਣ ਵਾਲੇ 1100 ਕਰੋੜ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਲਈ ਮਹਿਕਮੇ ਨੂੰ ਸਰਹੱਦੀ ਇਲਾਕਿਆਂ ਦੇ ਦਿਹਾਤੀ ਅਤੇ ਘਰੇਲੂ ਕੈਟਾਗਰੀ ’ਤੇ ਫੋਕਸ ਕਰਨਾ ਹੋਵੇਗਾ ਕਿਉਂਕਿ ਸਭ ਤੋਂ ਵੱਧ ਬਿਜਲੀ ਚੋਰੀ ਅਤੇ ਲਾਸਿਸ ਮੁੱਖ ਰੂਪ ਵਿਚ ਪੰਜਾਬ ਦੀ ਬਾਰਡਰ ਏਰੀਆ ਵਿਚ ਹੋ ਰਹੇ ਹਨ। ਇਸ ਦਾ ਖ਼ੁਲਾਸਾ ਬੀਤੇ ਵਿੱਤੀ ਸਾਲ ਦੀ ਪਾਵਰਕਾਮ ਨਾਲ ਸਬੰਧਤ ਇਕ ਰਿਪੋਰਟ ਤੋਂ ਹੋਇਆ ਹੈ। ਬਾਰਡਰ ਜ਼ੋਨ ਦੇ ਕਈ ਸਰਕਲਾਂ ਦੀਆਂ ਡਿਵੀਜ਼ਨਾਂ ਵਿਚ ਹਾਲਾਤ ਬਹੁਤ ਚਿੰਤਾਜਨਕ ਹਨ, ਜਿਥੇ 50 ਫੀਸਦੀ ਤੋਂ ਵੱਧ ਦੇ ਲਾਸਿਸ ਹਨ।

ਰਿਪੋਰਟ ਦੇ ਐਗਰੀਕਲਚਰ ਸਪਲਾਈ, ਯੂਨਿਟ ਬਿੱਲ ਅਤੇ ਵੰਡ ਹਾਨੀ ਸਬੰਧੀ ਬਣਾਏ ਗਏ ਚਾਰਟ ਮੁਤਾਬਕ ਪੰਜਾਬ ਵਿਚ ਬੀਤੇ ਸਾਲ ਫੀਡਰਾਂ ਜ਼ਰੀਏ 561791.16 ਲੱਖ ਯੂਨਿਟ ਬਿਜਲੀ ਭੇਜੀ ਗਈ। ਇਸ ਵਿਚੋਂ 492518.67 ਲੱਖ ਯੂਨਿਟ ਦਾ ਬਿੱਲ ਬਣ ਸਕਿਆ, ਜਦੋਂ ਕਿ 12.33 ਫ਼ੀਸਦੀ ਬਿਜਲੀ ਦਾ ਨੁਕਸਾਨ ਮਹਿਕਮੇ ਨੂੰ ਉਠਾਉਣਾ ਪਿਆ। ਆਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਵਿਭਾਗ ਵੱਲੋਂ ਭੇਜੀ ਗਈ ਬਿਜਲੀ ਵਿਚੋਂ 69272.49 ਲੱਖ ਯੂਨਿਟ (12.33 ਫ਼ੀਸਦੀ) ਬਿਜਲੀ ਦੀ ਚੋਰੀ ਹੋਈ, ਜਿਸ ਦਾ ਬਿੱਲ ਹੀ ਨਹੀਂ ਬਣ ਸਕਿਆ। ਇਸਦੇ ਮੁਤਾਬਕ ਵਿਭਾਗ ਨੂੰ 460 ਕਰੋੜ ਦਾ ਨੁਕਸਾਨ ਦਿਹਾਤੀ ਇਲਾਕਿਆਂ, ਜਦਕਿ 630 ਕਰੋੜ ਦਾ ਘਰੇਲੂ ਸਪਲਾਈ ਦੇ ਰੂਪ ਵਿਚ ਉਠਾਉਣਾ ਪਿਆ, ਜੋ ਕਿ 1090 ਕਰੋੜ ਦੇ ਲਗਭਗ ਬਣਦਾ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿਊ ਡਿਫੈਂਸ ਕਾਲੋਨੀ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਬੰਧਕ ਬਣਾ ਲੁੱਟੇ 12 ਲੱਖ ਦੇ ਗਹਿਣੇ

ਇਸ ਰਿਪੋਰਟ ਮੁਤਾਬਕ ਪੰਜਾਬ ਵਿਚ ਸਭ ਤੋਂ ਵੱਧ ਡਿਸਟਰੀਬਿਊਸ਼ਨ ਲਾਸਿਸ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਇਲਾਕੇ ਵਿਚ ਹੋਏ। ਕੁੱਲ ਭੇਜੀ ਗਈ ਬਿਜਲੀ ਦਾ 21.98 ਫੀਸਦੀ ਲਾਸਿਸ ਵਿਚ ਗਿਆ। ਇਸੇ ਤਰ੍ਹਾਂ ਪੰਜਾਬ ਵਿਚ ਲਾਸਿਸ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਬਾਰਡਰ ਜ਼ੋਨ ਬਠਿੰਡਾ ਦਾ ਨੰਬਰ ਆਉਂਦਾ ਹੈ, ਜਿਥੇ 17.84 ਫ਼ੀਸਦੀ ਦੇ ਲਾਸਿਸ ਰਿਪੋਰਟ ਕੀਤੇ ਗਏ। ਤੀਜੇ ਨੰਬਰ ’ਤੇ ਪਾਵਰਕਾਮ ਹੈੱਡ ਆਫ਼ਿਸ ਪਟਿਆਲਾ ਜ਼ੋਨ ਦਾ ਨੰਬਰ ਰਿਪੋਰਟ ਹੋਇਆ ਹੈ, ਜਿਸ ਵਿਚ 10.82 ਫੀਸਦੀ ਦਾ ਨੁਕਸਾਨ ਝੱਲਣਾ ਪਿਆ।

ਸੈਂਟਰਲ ਜ਼ੋਨ ਲੁਧਿਆਣਾ ਵਿਚ ਇਹ ਲਾਸਿਸ ਸਭ ਤੋਂ ਘੱਟ 4.63 ਫ਼ੀਸਦੀ ਰਹੇ, ਜਦਕਿ ਨਾਰਥ ਜ਼ੋਨ ਜਲੰਧਰ ਦੇ ਲਾਸਿਸ 9.90 ਫੀਸਦੀ ਦਰਜ ਕੀਤੇ ਗਏ। ਇਹ ਅੰਕਡ਼ੇ ਦੱਸਦੇ ਹਨ ਕਿ ਮਹਿਕਮੇ ਨੂੰ ਸਰਹੱਦੀ ਇਲਾਕਿਆਂ ’ਤੇ ਫੋਕਸ ਕਰਕੇ ਵੱਡੇ ਨੁਕਸਾਨ ਤੋਂ ਰਾਹਤ ਮਿਲ ਸਕਦੀ ਹੈ। ਵਿਭਾਗ ਦੀਆਂ ਕਈ ਡਵੀਜ਼ਨਾਂ ਵਿਚ ਲਾਸਿਸ ਹਰ ਸਾਲ ਵਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਵੀ ਹੈ। ਕਈ ਡਿਵੀਜ਼ਨਾਂ ਅਜਿਹੀਆਂ ਹਨ, ਜਿੱਥੇ ਸਿੱਧੀਆਂ ਕੁੰਡੀਆਂ ਲੱਗੀਆਂ ਹੋਣ ਦੇ ਬਾਵਜੂਦ ਵਿਭਾਗੀ ਕਰਮਚਾਰੀ ਕਾਰਵਾਈ ਕਰਨ ਤੋਂ ਡਰਦੇ ਹਨ ਕਿਉਂਕਿ ਬਿਜਲੀ ਚੋਰੀ ਫੜਨ ਗਏ ਫੀਲਡ ਸਟਾਫ਼ ਨੂੰ ਕਈ ਵਾਰ ਕੁੱਟਮਾਰ ਦਾ ਸ਼ਿਕਾਰ ਹੋਣਾ ਪੈ ਚੁੱਕਾ ਹੈ। ਅਜਿਹੇ ਹਾਲਾਤ ਵਿਚ ਬਿਜਲੀ ਚੋਰੀ ਰੋਕਣ ਵਿਚ ਸਰਕਾਰ ਦੀ ਮਦਦ ਅਹਿਮ ਭੂਮਿਕਾ ਅਦਾ ਕਰੇਗੀ।

ਇਹ ਵੀ ਪੜ੍ਹੋ: 'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਦਾਅਵਾ, ਬਿਜਲੀ ਸਬੰਧੀ ਸਮਝੌਤੇ ਹਰ ਹਾਲ ’ਚ ਹੋਣਗੇ ਰੱਦ

ਬਾਰਡਰ ਜ਼ੋਨ ਅੰਮ੍ਰਿਤਸਰ ’ਚ ਵਧ ਰਹੇ ਲਾਸਿਸ


ਡਿਵੀਜ਼ਨ ...... 2019-20 ......2020-21
ਭਿੱਖੀਵਿੰਡ......48.75......50.68
ਪੱਟੀ......39.97......42.17
ਵੈਸਟ ਅੰਮ੍ਰਿਤਸਰ......34.73......36.00
ਅਜਨਾਲਾ......33.47......34.74
ਸਿਟੀ ਤਰਨਤਾਰਨ ......26.59......30.12
ਸਬ-ਤਰਨਤਾਰਨ......21.60......23.12
ਸਬ-ਬਟਾਲਾ......22.47......26.10


shivani attri

Content Editor

Related News