ਕਈ ਦਿਨਾਂ ਤੋਂ ਬਿਜਲੀ ਨਾ ਮਿਲਣ ਕਾਰਨ ਕਿਸਾਨ ਹੋਏ ਨਿਰਾਸ਼, ਪਾਵਰਕਾਮ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ

Monday, Apr 18, 2022 - 02:38 PM (IST)

ਤਪਾ ਮੰਡੀ (ਮੇਸੀ, ਹਰੀਸ਼) : ਅੱਜ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਮੈਂਬਰਾਂ ਵੱਲੋਂ ਪਾਵਰਕਾਮ ਦਫਤਰ ਵਿਖੇ ਪੁੱਜ ਕੇ ਪਿੰਡ ’ਚ ਪਿਛਲੇ ਕਈ ਦਿਨਾਂ ਤੋਂ ਦਰਾਜ-ਦਰਾਕਾ ਵਿਖੇ ਖੇਤੀ ਮੋਟਰਾਂ ਨੂੰ ਬਿਜਲੀ ਨਾ ਮਿਲਣ ਕਾਰਨ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨ ਜਥੇਬੰਦੀ ਵੱਲੋਂ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਪ੍ਰਧਾਨ ਬਲਦੇਵ ਸਿੰਘ ਅਤੇ ਖਜ਼ਾਨਚੀ ਗੁਰਜੰਟ ਸਿੰਘ ਨੇ ਦੱਸਿਆ ਕਿ ਦਰਾਜ-ਦਰਾਕਾ ਫੀਡਰ ’ਤੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਬੋਰਡ ਵੱਲੋਂ ਖੇਤੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਗਰਮੀ ਰੁੱਤੇ ਵੱਖ-ਵੱਖ ਫ਼ਸਲਾਂ ਨੂੰ ਪਾਣੀ ਨਾ ਮਿਲਣ ਕਾਰਨ ਸਬਜ਼ੀਆਂ, ਮੱਕੀ ਅਤੇ ਜਬਾਰ ਸਮੇਤ ਹੋਰ ਫ਼ਸਲਾਂ ਵੀ ਗਰਮੀ ਕਾਰਨ ਪਾਣੀ ਤੋਂ ਬਿਨ੍ਹਾਂ ਸੁੱਕ ਕੇ ਤਬਾਹ ਹੋ ਰਹੀਆਂ ਹਨ ਪਰ ਬਿਜਲੀ ਬੋਰਡ ਵੱਲੋਂ ਖੇਤਾਂ ਵਿਚ ਸਿਰਫ਼ ਇਕ ਘੰਟਾ ਹੀ ਬਿਜਲੀ ਦੇ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਜਿਸ ਨਾਲ ਸਿਰਫ਼ ਖਾਲ ਵੀ ਨਹੀਂ ਭਰਦੇ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਬਿਜਲੀ ਬੋਰਡ ਵੱਲੋਂ ਹਾੜ੍ਹੀ ਦੇ ਸੀਜ਼ਨ ਨੂੰ ਦੇਖਦੇ ਹੋਏ ਵੱਡੇ ਕੱਟ ਲਾਏ ਜਾ ਰਹੇ ਸਨ ਪਰ ਹੁਣ ਕਣਕ ਵੀ ਮੰਡੀਆਂ ਵਿਚ ਪੁੱਜ ਚੁੱਕੀ ਹੈ। ਇਨ੍ਹਾਂ ਲੰਬੇ-ਲੰਬੇ ਪਾਵਰ ਕੱਟਾਂ ਨਾਲ ਫਸਲਾਂ ਖਰਾਬ ਹੋਈਆਂ ਹਨ, ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਬੋਰਡ ਤੋਂ ਮੰਗ ਕਰਦੇ ਕਿਹਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਰੋਜ਼ਾਨਾ ਮੋਟਰਾਂ ਵਾਲੀ ਬਿਜਲੀ 5 ਘੰਟੇ ਦਿੱਤੀ ਜਾਵੇ, ਜਿਸ ਨਾਲ ਆਪਣੀਆਂ ਕੀਮਤੀ ਫ਼ਸਲਾਂ ਨੂੰ ਬਚਾਉਣ ਲਈ ਉਪਰਾਲਾ ਕੀਤਾ, ਝੋਨੇ ਦੇ ਸੀਜ਼ਨ ਵਿਚ ਹੋਰ ਵੀ ਵੱਧ ਬਿਜਲੀ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਵੱਲੋਂ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਨਹੀਂ ਦਿੱਤੀ ਗਈ ਤਾਂ ਬਿਜਲੀ ਦਫਤਰ ਸਮੇਤ ਹਾਈਵੇਅ ਜਾਮ ਕਰਕੇ ਧਰਨਾ ਲਾਇਆ ਜਾਵੇਗਾ ਜਿਸ ਸਬੰਧੀ ਉਨ੍ਹਾਂ ਨੇ ਪਹਿਲਾਂ ਹੀ ਪਾਵਰਕਾਮ ਤਪਾ ਦੇ ਐੱਸ.ਡੀ. ਓ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ।

ਕੀ ਕਹਿੰਦੇ ਹਨ ਪਾਵਰਕਾਮ ਦੇ ਐੱਸ. ਡੀ. ਓ.
ਇਸ ਮਾਮਲੇ ਸਬੰਧੀ ਬਿਜਲੀ ਬੋਰਡ ਦੇ ਐੱਸ. ਡੀ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਰਾਜ ਦਰਾਕਾ ਫੀਡਰ ਖੇਤੀ ਬਿਜਲੀ ਦੀ ਸਮੱਸਿਆ ਦਾ ਧਿਆਨ  ਦਿਵਾਇਆ ਹੈ, ਜਿਸ  ਸਬੰਧੀ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਬਿਜਲੀ ਦੀ ਮੰਗ ਸਬੰਧੀ ਸਿਫ਼ਾਰਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਣਕ ਦੇ ਸੀਜ਼ਨ ਨੂੰ ਦੇਖਦੇ ਹੋਏ ਬਿਜਲੀ ਕੱਟ ਲਾਏ ਜਾ ਰਹੇ ਸਨ ਤਾਂ ਜੋ ਕੋਈ ਅੱਗ ਲੱਗਣ ਵਰਗੀ  ਘਟਨਾ ਨਾ ਵਾਪਰ ਸਕੇ। ਸਰਕਾਰੀ ਹਦਾਇਤਾਂ ਤਹਿਤ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।


Gurminder Singh

Content Editor

Related News