ਆਸਮਾਨੋਂ ਵਰ੍ਹਦੀ ਅੱਗ ਦੌਰਾਨ ਪਾਵਰਕਾਮ ਨੇ ਖੜ੍ਹੇ ਕੀਤੇ ਹੱਥ, ਪੂਰੇ ਪੰਜਾਬ ''ਚ ਬਲੈਕ ਆਊਟ ਦਾ ਖ਼ਦਸ਼ਾ
Saturday, Apr 30, 2022 - 10:55 AM (IST)
ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਸਮੇਤ ਪੰਜਾਬ ’ਚ ਤਾਪਮਾਨ ਇਸ ਸਮੇਂ 45 ਡਿਗਰੀ ਸੈਲਸੀਅਸ ’ਤੇ ਪੁੱਜ ਚੁੱਕਾ ਹੈ। ਆਸਮਾਨ ਤੋਂ ਅੱਗ ਦੇ ਰੂਪ ’ਚ ਗਰਮੀ ਪੈ ਰਹੀ ਹੈ, ਜਦੋਂ ਕਿ ਦੂਜੇ ਪਾਸੇ ਪਾਵਰਕਾਮ ਨੇ ਕੁਆਲਿਟੀ ਭਰਪੂਰ ਅਤੇ ਰੈਗੂਲਰ ਪਾਵਰ ਸਪਲਾਈ ਦੇਣ ਦੇ ਮਾਮਲੇ ’ਚ ਹੱਥ ਖੜ੍ਹੇ ਕਰ ਦਿੱਤੇ ਹਨ। ਗਰਮੀ ਦਾ ਕਹਿਰ ਵੱਧਦੇ ਹੀ ਪਾਵਰਕਾਮ ਦੇ ਥਰਮਲ ਪਲਾਂਟ ਇਕ-ਇਕ ਕਰ ਕੇ ਬੰਦ ਹੋਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਬਲੈਕ ਆਊਟ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਹਾਲੇ ਤਾਂ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਮੰਗ ਹੋਰ ਵੱਧਣੀ ਹੈ ਤਾਂ ਕੀ ਹੋਵੇਗਾ? ਹਾਲਾਤ ਇਹ ਹਨ ਇੰਡਸਟਰੀ ਸਮੇਤ ਹਰ ਕੈਟਾਗਿਰੀ ’ਤੇ ਅਣ-ਐਲਾਨੇ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਪਾਵਰ ਕੱਟ ਲੱਗਣ ਦਾ ਕੋਈ ਸਮਾਂ ਫਿਕਸ ਨਹੀਂ ਹੈ। ਪਾਵਰ ਸਪਲਾਈ ਬੰਦ ਹੁੰਦੇ ਹੀ ਜਨਤਾ ’ਚ ਹਾਹਾਕਾਰ ਮਚਣ ਲੱਗੀ ਹੈ।
ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ’ਤੇ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦੇ ਢੇਰ ਲੱਗਣ ਲੱਗੇ ਹਨ। ਅੱਜ ਤੋਂ ਕੁੱਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਬਿਜਲੀ ਦਾ ਸੰਕਟ ਇਸ ਹੱਦ ਤੱਕ ਪੈਦਾ ਹੋ ਗਿਆ ਸੀ ਕਿ ਸਰਕਾਰ ਨੂੰ ਵੱਡੇ-ਵੱਡੇ ਮਾਲਜ਼ ਸਮੇਤ ਦੁਕਾਨਾਂ ਨੂੰ ਬੰਦ ਕਰਨ ਦਾ ਸਮਾਂ ਫਿਕਸ ਕਰਨਾ ਪਿਆ ਸੀ। ਕਈ ਦਿਨਾਂ ਦੇ ਲਈ ਤਾਂ ਇੰਡਸਟਰੀ ਨੂੰ ਹੀ ਬੰਦ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਸਟਰੀਟ ਲਾਈਟਾਂ ਦੇ ਆਨ-ਆਫ ਕਰਨ ਦਾ ਵੀ ਸਰਕੂਲਰ ਜਾਰੀ ਕਰਨਾ ਪਿਆ ਸੀ। ਹਾਲਾਤ ਤਾਂ ਸੁਧਰੇ ਸਨ, ਜਦ ਆਖ਼ਰ ਮੀਂਹ ਨੇ ਦਸਤਕ ਦਿੱਤੀ। ਇਸ ਅਤਿ-ਆਧੁਨਿਕ ਯੁੱਗ ’ਚ ਆਖ਼ਰ ਕਦੋਂ ਤੱਕ ਪਾਵਰਕਾਮ ਮੀਂਹ ’ਤੇ ਹੀ ਨਿਰਭਰ ਰਹੇਗਾ। ਮਾਨਸੂਨ ਸਮੇਂ ’ਤੇ ਆਵੇਗਾ ਤਾਂ ਪਾਵਰਕੱਟ ਨਹੀਂ ਲੱਗਣਗੇ। ਇਹ ਕਿੱਥੋਂ ਦੀ ਪਲਾਨਿੰਗ ਹੋਈ?
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ
ਮੁਰੰਮਤ ਦੀ ਆੜ ’ਚ ਲਗਾਏ ਜਾ ਰਹੇ ਬਿਜਲੀ ਕੱਟ
ਜਨਤਾ ਨਗਰ ਸਮਾਲ ਸਕੇਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਬਿਜਲੀ ਲਾਈਨਾਂ ਅਤੇ ਟਰਾਂਸਫਾਰਮਰ ਦੀ ਮੁਰੰਮਤ ਦੀ ਆੜ ’ਚ ਇੰਡਸਟਰੀ ਸਮੇਤ ਹੋਰ ਕੈਟਾਗਿਰੀ ’ਤੇ ਪਾਵਰਕਟ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਇੰਡਸਟਰੀ ਪ੍ਰਭਾਵਿਤ ਹੋਣ ਲੱਗੀ ਹੈ। ਠੁਕਰਾਲ ਨੇ ਦੱਸਿਆ ਕਿ ਇੰਡਸਟਰੀ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਤੋਂ ਅੱਜ ਤੱਕ ਉੱਭਰ ਨਹੀਂ ਸੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਇੰਡਸਟਰੀ ਨੂੰ ਬਚਾੳਣ ਲਈ ਪਾਵਰ ਸਪਲਾਈ ਲਈ ਸਹੀ ਕਦਮ ਚੁੱਕਣੇ ਚਾਹੀਦੇ ਹਨ ਕਿ ਹਰ ਗਰਮੀ ਦੇ ਸੀਜ਼ਨ ਦੀ ਤਰ੍ਹਾਂ ਇੰਡਸਟਰੀ ’ਤੇ ਪਾਵਰਕੱਟ ਲਗਾ ਕੇ ਇੰਡਸਟਰੀ ਨੂੰ ਬੰਦ ਕਰ ਦਿੱਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ