ਅਹਿਮ ਖ਼ਬਰ: ਪਾਵਰ ਨਿਗਮ ਦੇ ਇੰਜੀਨੀਅਰ ਸ਼ਾਮੀਂ 5 ਤੋਂ ਸਵੇਰੇ 9 ਵਜੇ ਤੱਕ ਬੰਦ ਰੱਖਣਗੇ ਆਪਣੇ ਸਰਕਾਰੀ ਫੋਨ, ਜਾਣੋ ਵਜ੍ਹਾ

Friday, Aug 06, 2021 - 12:33 PM (IST)

ਅਹਿਮ ਖ਼ਬਰ: ਪਾਵਰ ਨਿਗਮ ਦੇ ਇੰਜੀਨੀਅਰ ਸ਼ਾਮੀਂ 5 ਤੋਂ ਸਵੇਰੇ 9 ਵਜੇ ਤੱਕ ਬੰਦ ਰੱਖਣਗੇ ਆਪਣੇ ਸਰਕਾਰੀ ਫੋਨ, ਜਾਣੋ ਵਜ੍ਹਾ

ਜਲੰਧਰ (ਪੁਨੀਤ)– ਚੋਣਾਂ ਨਜ਼ਦੀਕ ਆਉਂਦੇ ਹੀ ਪੈਂਡਿੰਗ ਮੰਗਾਂ ਮਨਵਾਉਣ ਲਈ ਵੱਖ-ਵੱਖ ਐਸੋਸੀਏਸ਼ਨਾਂ ਐਕਟਿਵ ਹੋ ਚੁੱਕੀਆਂ ਹਨ। ਇਸੇ ਲੜੀ ਵਿਚ ਪਾਵਰ ਨਿਗਮ ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਲੜੀ ਵਿਚ ਐੱਸ. ਡੀ. ਓ. ਅਤੇ ਉਸ ਤੋਂ ਉਪਰ ਰੈਂਕ ਦੇ ਅਧਿਕਾਰੀਆਂ ਵੱਲੋਂ ਸ਼ਾਮੀਂ 5 ਤੋਂ ਲੈ ਕੇ ਸਵੇਰੇ 9 ਵਜੇ ਤੱਕ ਆਪਣੇ ਸਰਕਾਰੀ ਫੋਨ ਬੰਦ ਰੱਖੇ ਜਾਣਗੇ। ਜਾਣਕਾਰੀ ਦਿੰਦਿਆਂ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀ. ਅਜੈਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੋਂ ਐਸੋਸੀਏਸ਼ਨ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਸਾਰੇ ਵ੍ਹਟਸਐਪ ਗਰੁੱਪ ਵੀ ਲੈਫਟ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਤਰਨਤਾਰਨ: ਪੰਜਾਬ ਪੁਲਸ ਦੀ ਆੜ 'ਚ ਨਸ਼ੇ ਦਾ ਕਾਰੋਬਾਰ ਕਰਦਾ ਰਿਹਾ ਫ਼ੌਜੀ, ਇੰਝ ਖੁੱਲ੍ਹਿਆ ਭੇਤ

PunjabKesari

ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਜਦੋਂ ਇੰਜੀਨੀਅਰਾਂ ਵੱਲੋਂ ਫੋਨ ਬੰਦ ਰੱਖਣੇ ਸ਼ੁਰੂ ਕੀਤੇ ਗਏ ਸਨ ਤਾਂ ਮੈਨੇਜਮੈਂਟ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਕਾਰਨ 7 ਜੁਲਾਈ ਨੂੰ ਫੋਨ ਬੰਦ ਰੱਖਣ ਦਾ ਸੰਘਰਸ਼ ਰੋਕ ਦਿੱਤਾ ਗਿਆ ਸੀ ਅਤੇ ਫੋਨ ਦਿਨ-ਰਾਤ ਚਾਲੂ ਰੱਖੇ ਜਾ ਰਹੇ ਸਨ। ਇਸ ਦੌਰਾਨ ਮੈਨੇਜਮੈਂਟ ਨੂੰ 30 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਸਮਾਂ-ਹੱਦ ਦੌਰਾਨ ਉਨ੍ਹਾਂ ਦੀ ਤਨਖਾਹ ਸੋਧ (ਪੇ-ਸਕੇਲ ਲਾਗੂ ਕਰਨਾ) ਦੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)

ਇਸ ਕਾਰਨ ਐਸੋਸੀਏਸ਼ਨ ਵੱਲੋਂ ਬੀਤੇ ਦਿਨੀਂ ਮੈਨੇਜਮੈਂਟ ਨੂੰ ਚਿੱਠੀ ਲਿਖ ਕੇ ਦੋਬਾਰਾ ਸੰਘਰਸ਼ ਕਰਨ ਬਾਰੇ ਦੱਸਿਆ ਗਿਆ ਪਰ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਕਾਰਨ ਉਨ੍ਹਾਂ ਨੂੰ ਦੁਬਾਰਾ ਫੋਨ ਬੰਦ ਰੱਖਣ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ 10 ਅਗਸਤ ਤੱਕ ਉਨ੍ਹਾਂ ਦੀ ਤਨਖ਼ਾਹ ਸੋਧ ਅਤੇ ਐੱਸ. ਡੀ. ਓ. ਨੂੰ ਸ਼ੁਰੂਆਤੀ ਸਕੇਲ 18030 ਰੁਪਏ ਦੇਣ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਸਾਰੇ ਇੰਜੀਨੀਅਰ ਆਪਣੇ ਸਰਕਾਰੀ ਸਿਮ ਕਾਰਡ ਮੋਬਾਇਲ ਫੋਨਾਂ ਵਿਚੋਂ ਕੱਢ ਕੇ ਮੈਨੇਜਮੈਂਟ ਨੂੰ ਸੌਂਪ ਦੇਣਗੇ। ਸਰਕਲ ਨਾਲ ਸਬੰਧਤ ਐਸੋਸੀਏਸ਼ਨ ਦੇ ਅਧਿਕਾਰੀ ਐੱਸ. ਡੀ. ਓ. ਅਤੇ ਐਕਸੀਅਨ ਰੈਂਕ ਕੋਲੋਂ ਸਿਮ ਕਾਰਡ ਇਕੱਠੇ ਕਰ ਕੇ ਪਟਿਆਲਾ ਪਹੁੰਚਾਉਣਗੇ। ਪਟਿਆਲਾ ਵਿਚ ਐਸੋਸੀਏਸ਼ਨ ਵੱਲੋਂ ਸਾਰੇ ਸਿਮ ਕਾਰਡ ਮੈਨੇਜਮੈਂਟ ਨੂੰ ਸੌਂਪ ਦਿੱਤੇ ਜਾਣਗੇ। ਇੰਜੀ. ਅਟਵਾਲ ਨੇ ਕਿਹਾ ਕਿ 10 ਅਗਸਤ ਤੋਂ ਬਾਅਦ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਧਰਨੇ-ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਪਾਵਰ ਨਿਗਮ ਦੀ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜ੍ਹੋ: ਕਪੂਰਥਲਾ ’ਚ ਦੇਹ ਵਪਾਰ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਸਣੇ ਮਿਲੇ ਮੁੰਡੇ-ਕੁੜੀਆਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News