ਹਨੇਰੀ-ਤੂਫਾਨ ਕਰਕੇ ‘ਅਸਤ-ਵਿਅਸਤ’ ਹੋਇਆ ਪਾਵਰ ਸਿਸਟਮ, ‘ਫਾਲਟ’ ਦੀਆਂ 4000 ਮਿਲੀਆਂ ਸ਼ਿਕਾਇਤਾਂ
Monday, Oct 16, 2023 - 10:46 AM (IST)
ਜਲੰਧਰ (ਪੁਨੀਤ)-ਸ਼ਨੀਵਾਰ ਦੇਰ ਰਾਤ ਆਏ ਤੇਜ਼ ਹਨੇਰੀ ਅਤੇ ਤੂਫਾਨ ਕਾਰਨ ਪਾਵਰਕਾਮ ਦਾ ਸਿਸਟਮ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ। ਸੈਂਕੜੇ ਇਲਾਕਿਆਂ ਵਿਚ ਫਾਲਟ ਪੈਣ ਦੇ ਨਾਲ-ਨਾਲ ਸ਼ਹਿਰ ਦੇ 2 ਸਬ-ਸਟੇਸ਼ਨਾਂ ਦੀ ਬਿਜਲੀ ਸਪਲਾਈ 5 ਘੰਟੇ ਤੱਕ ਠੱਪ ਰਹੀ। ਉਥੇ ਹੀ, ਬਿਜਲੀ ਦੇ ਫਾਲਟ ਦੀਆਂ 4000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਫਾਲਟ ਕਾਰਨ ਕਈ ਇਲਾਕਿਆਂ 16-17 ਤਕ ਬਿਜਲੀ ਸਪਲਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਰਿਸ਼ ਦੌਰਾਨ ਤੇਜ਼ ਹਵਾਵਾਂ ਚੱਲਣ ਕਾਰਨ ਸ਼ਹਿਰ ਅਤੇ ਆਲੇ-ਦੁਆਲੇ ਦੇ 22-23 ਫੀਡਰਾਂ ਵਿਚ ਫਾਲਟ ਪੈਣ ਦੀ ਗੱਲ ਸਾਹਮਣੇ ਆਈ ਹੈ। ਉਥੇ ਹੀ, ਬੜਿੰਗਾਂ ਅਤੇ ਪਰਾਗਪੁਰ ਦੇ ਬਿਜਲੀ ਘਰ ਵਿਚ ਫਾਲਟ ਪੈ ਜਾਣ ਨਾਲ ਹਜ਼ਾਰਾਂ ਲੋਕਾਂ ਦੇ ਘਰਾਂ ਵਿਚ ਹਨੇਰਾ ਛਾ ਗਿਆ। ਦੋ ਸਬ-ਸਟੇਸ਼ਨਾਂ ਵਿਚ ਇਕੋ ਸਮੇਂ ਫਾਲਟ ਪੈਣ ਦੀ ਸੂਚਨਾ ਨਾਲ ਪਾਵਰਕਾਮ ਦੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਅਤੇ ਸੀਨੀਅਰ ਅਧਿਕਾਰੀ ਨੂੰ ਦੇਰ ਰਾਤ ਕੰਮ ਸ਼ੁਰੂ ਕਰਵਾਉਣਾ ਪਿਆ, ਜਦੋਂ ਕਿ ਮੇਨਟੀਨੈਂਸ ਵਿੰਗ ਦੇ ਕਈ ਅਧਿਕਾਰੀ ਤੁਰੰਤ ਸਬ-ਸਟੇਸ਼ਨ ਪਹੁੰਚੇ।
ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ
ਉਥੇ ਹੀ, ਵਿਭਾਗ ਨੂੰ ਫਾਲਟ ਨਾਲ ਸਬੰਧਤ 4000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜੋ ਹਨੇਰੀ-ਤੂਫਾਨ ਦੇ ਫਾਲਟ ਨਾਲ ਸਬੰਧਤ ਦੱਸੀਆਂ ਗਈਆਂ ਹਨ। ਇਸ ਤੋਂ ਇਲਾਵਾ ਸਾਰਾ ਦਿਨ ਸ਼ਿਕਾਇਤਾਂ ਦਾ ਦੌਰ ਜਾਰੀ ਰਿਹਾ। ਹਨੇਰੀ ਕਾਰਨ ਪਏ ਫਾਲਟ ਸਬੰਧੀ ਦਾ ਸ਼ਿਕਾਇਤਾਂ ਦਾ ਐਤਵਾਰ 5 ਵਜੇ ਤੋਂ ਬਾਅਦ ਹੱਲ ਹੋ ਸਕਿਆ। ਇਸ ਦੇ ਨਾਲ ਹੀ ਇੰਡਸਟਰੀ ਦੇ ਕਈ ਇਲਾਕਿਆਂ ਵਿਚ 14-15 ਘੰਟੇ ਤਕ ਬਿਜਲੀ ਬੰਦ ਰਹਿਣ ਬਾਰੇ ਸੁਣਨ ਨੂੰ ਮਿਲਿਆ ਹੈ। ਬੜਿੰਗਾਂ ਅਤੇ ਪਰਗਾਪੁਰ ਸਬ-ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਬਿਜਲੀ ਸਪਲਾਈ ਐਤਵਾਰ ਸਵੇਰੇ 4.40 ਵਜੇ ਠੱਪ ਹੋ ਗਈ, ਜਿਸ ਨਾਲ ਉਕਤ ਸਬ-ਸਟੇਸ਼ਨ ਦੇ ਫੀਡਰਾਂ ਅਧੀਨ ਆਉਂਦੇ ਹਜ਼ਾਰਾਂ ਖ਼ਪਤਕਾਰਾਂ ਦੀ ਬਿਜਲੀ ਬੰਦ ਹੋ ਗਈ। ਸਬ-ਸਟੇਸ਼ਨਾਂ ਦੇ ਫੀਡਰਾਂ ਦੇ ਟ੍ਰਿਪ ਹੋਣ ਤੋਂ ਬਾਅਦ ਪਾਵਰ ਪ੍ਰੋਟੈਕਸ਼ਨ ਸਿਸਟਮ ਦੀ ਰਿਲੇਅ ਵਿਚ ਫਾਲਟ ਪੈ ਗਿਆ, ਜਿਸ ਕਾਰਨ ਸਬ-ਸਟੇਸ਼ਨਾਂ ਦੀ ਜਾਂਚ ਲਈ ਪ੍ਰੋਟੈਕਸ਼ਨ ਟੀਮ ਨੂੰ ਬੁਲਾਉਣਾ ਪਿਆ। ਲੰਮੇ ਸਮੇਂ ਦੀ ਜਾਂਚ ਅਤੇ ਮੇਨਟੀਨੈਂਸ ਤੋਂ ਬਾਅਦ ਉਕਤ ਸਬ-ਸਟੇਸ਼ਨ 10 ਵਜੇ ਤੋਂ ਬਾਅਦ ਚਾਲੂ ਹੋ ਸਕੇ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਤੇਜ਼ ਹਨੇਰੀ ਕਾਰਨ ਹਰੇਕ ਡਵੀਜ਼ਨ ਦੇ 5-6 ਫੀਡਰ ਬੰਦ ਹੋ ਗਏ। ਹਨੇਰੀ ਇੰਨੀ ਤੇਜ਼ ਸੀ ਕਿ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਖੰਭਿਆਂ ’ਤੇ ਦਰੱਖਤ ਡਿੱਗਣ ਕਾਰਨ ਬਿਜਲੀ ਸਿਸਟਮ ਪਟੜੀ ਤੋਂ ਲਹਿ ਗਿਆ। ਦੇਰ ਰਾਤ ਫਾਲਟ ਪੈਣ ਦਾ ਕ੍ਰਮ ਸ਼ੁਰੂ ਹੋ ਜਾਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੂੰ ਮੌਕਾ ਸੰਭਾਲਣ ਲਈ ਫੀਲਡ ਵਿਚ ਉਤਰਨਾ ਪਿਆ। ਫਾਲਟ ਪੈਣ ਤੋਂ ਬਾਅਦ ਬੰਦ ਹੋਈ ਫੀਡਰਾਂ ਦੀ ਸਪਲਾਈ ਸਵੇਰੇ 11 ਵਜੇ ਦੇ ਲਗਭਗ ਬਹਾਲ ਕਰ ਦਿੱਤੀ ਗਈ, ਜਦਕਿ ਦੂਜੀ ਰਿਪੇਅਰ ਕਰਵਾਈ ਜਾ ਰਹੀ ਸੀ।
ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸਬ-ਸਟੇਸ਼ਨ ਸਵੇਰੇ 4 ਵਜੇ ਬੰਦ ਹੋਣ ਕਾਰਨ ਡਿਪਟੀ ਚੀਫ ਅਤੇ ਸਰਕਲ ਹੈੱਡ ਗੁਲਸ਼ਨ ਕੁਮਾਰ ਚੁਟਾਨੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਵੈਸਟ ਡਿਵੀਜ਼ਨ ਤੋਂ ਐਕਸੀਅਨ ਸੰਨੀ ਭਾਂਗਰਾ, ਕੈਂਟ ਤੋਂ ਇੰਜੀ. ਅਵਤਾਰ ਸਿੰਘ, ਮਾਡਲ ਟਾਊਨ ਤੋਂ ਜਸਪਾਲ ਸਿੰਘ ਪਾਲ, ਵੈਸਟ ਤੋਂ ਜਸਪਾਲ ਸਿੰਘ ਸਬੰਧਤ ਐੱਸ. ਡੀ. ਓ. ਅਤੇ ਜੇ. ਈ. ਨੂੰ ਦਿਸ਼ਾ-ਨਿਰਦੇਸ਼ ਦਿੰਦੇ ਦੇਖੇ ਗਏ। ਇਸ ਦੇ ਨਾਲ ਹੀ ਕਈ ਥਾਵਾਂ ’ਤੇ ਦਰੱਖਤ ਡਿੱਗਣ ਕਾਰਨ ਹਾਈ ਟੈਨਸ਼ਨ ਤਾਰਾਂ ਟੁੱਟ ਗਈਆਂ ਅਤੇ ਵਿਭਾਗ ਨੂੰ ਇਨ੍ਹਾਂ ਦੀ ਮੁਰੰਮਤ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।
ਕਈ ਇਲਾਕਿਆਂ ’ਚ ਪਾਣੀ ਨਾ ਆਉਣਾ ਬਣਿਆ ਸਮੱਸਿਆ
ਗੁਰੂ ਤੇਗ ਬਹਾਦਰ ਨਗਰ, ਨਿਊ ਮਾਡਲ ਟਾਊਨ ਸਮੇਤ ਇੰਡਸਟਰੀ ਦੇ ਕਈ ਫੀਡਰਾਂ ਵਿਚ ਦੇਰ ਰਾਤ ਫਾਲਟ ਪੈ ਗਏ, ਜੋਕਿ ਸਵੇਰੇ 11 ਵਜੇ ਤੱਕ ਚਾਲੂ ਨਹੀਂ ਹੋ ਸਕੇ। ਫੀਡਰਾਂ ਵਿਚ ਫਾਲਟ ਪੈਣ ਕਾਰਨ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਸਵੇਰ ਦੇ ਸਮੇਂ ਪਾਣੀ ਦੀ ਸਪਲਾਈ ਨਹੀਂ ਹੋ ਸਕੀ, ਜੋ ਕਿ ਲੋਕਾਂ ਲਈ ਵੱਡੀ ਸਮੱਸਿਆ ਬਣਿਆ। ਅੱਜ ਪਹਿਲਾ ਨਵਰਾਤਰਾ ਹੋਣ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਸ਼ੁਰੂ ਕਰਨ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕੈਂਟ ਅਧੀਨ ਪੈਂਦੇ ਇਲਾਕੇ ਭੂਰ ਮੰਡੀ ਦੇ ਇਲਾਕੇ ਵਿਚ ਸ਼ਨੀਵਾਰ ਦੁਪਹਿਰ ਨੂੰ ਬੰਦ ਹੋਈ ਸਪਲਾਈ ਐਤਵਾਰ ਬਾਅਦ ਦੁਪਹਿਰ ਨੂੰ ਚਾਲੂ ਹੋ ਸਕੀ। ਪਾਣੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ।
ਇਹ ਵੀ ਪੜ੍ਹੋ: CM ਮਾਨ ਨੇ 304 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ
10 ਵਜੇ ਤਕ ਸਬ-ਸਟੇਸ਼ਨ ਚਾਲੂ ਕਰਵਾ ਦਿੱਤੇ ਗਏ : ਇੰਜੀ. ਚੁਟਾਨੀ
ਡਿਪਟੀ ਚੀਫ਼ ਇੰਜਨੀਅਰ ਅਤੇ ਸਰਕਲ ਹੈੱਡ ਗੁਲਸ਼ਨ ਕੁਮਾਰ ਚੁਟਾਨੀ ਨੇ ਦੱਸਿਆ ਕਿ ਸਬ-ਸਟੇਸ਼ਨ ਵਿਚ ਫਾਲਟ ਪੈਣ ਮਗਰੋਂ ਤੁਰੰਤ ਪ੍ਰਭਾਵ ਨਾਲ ਸਬੰਧਤ ਟੀਮਾਂ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਸੀ। ਫਾਲਟ ਗੰਭੀਰ ਸੀ, ਜਿਸ ਕਾਰਨ ਰਿਪੇਅਰ ਕਰਨ ਲਈ ਬਹੁਤ ਮੁਸ਼ੱਕਤ ਕਰਨੀ ਪਈ। ਉਨ੍ਹਾਂ ਦੱਸਿਆ ਕਿ ਦੋਵੇਂ ਸਬ-ਸਟੇਸ਼ਨ 10 ਵਜੇ ਤੱਕ ਚਾਲੂ ਕਰਵਾ ਦਿੱਤੇ ਗਏ ਸਨ। ਫੀਡਰਾਂ ਵਿਚ ਫਾਲਟ ਪੈਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਫੀਡਰ ਚਾਲੂ ਹੋ ਗਏ ਸਨ, ਜਦਕਿ ਸ਼ਾਮ 5 ਵਜੇ ਤੱਕ ਪੂਰੇ ਸ਼ਹਿਰ ਦੀ ਸਪਲਾਈ ਸੁਚਾਰੂ ਕਰਵਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ:ਖਰੜ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ