ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਰਜਿਸਟ੍ਰੇਸ਼ਨ ਤਾਰੀਖ਼ ''ਚ 30 ਨਵੰਬਰ ਤੱਕ ਵਾਧਾ
Saturday, Nov 06, 2021 - 03:26 PM (IST)
ਪਟਿਆਲਾ (ਜੋਸਨ) : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸੈਸ਼ਨ 2021-22 ਲਈ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲ ਹੋ ਚੁੱਕੇ ਜਾਂ ਦਾਖ਼ਲਾ ਲੈ ਰਹੇ ਵਿਦਿਆਰਥੀ ਅਤੇ ਇਸ ਸਕੀਮ ਵਿੱਚ ਰਜਿਸਟਰਡ ਹੋਣ ਤੋਂ ਵਾਂਝੇ ਰਹਿ ਗਏ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਸੋਸ਼ਲ ਜਸਟਿਸ ਐਂਡ ਇੰਪਵਰਮੈਂਟ ਵਿਭਾਗ ਵੱਲੋਂ 30 ਨਵੰਬਰ 2021 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਵਿੱਚ ਐਸ. ਸੀ. ਸਮਾਜ ਦੀ ਪ੍ਰਤੀਨਿਧਤਾ ਕਰ ਰਹੇ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਦਾਖ਼ਲਿਆਂ ਦੀਆਂ ਤਾਰੀਖ਼ਾਂ ਵਿੱਚ ਵਾਧਾ ਹੋਣ ਕਾਰਣ ਪੰਜਾਬ ਦੇ ਵੱਖ ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਫਰੀਸ਼ਿਪ ਕਾਰਡ ਅਪਲਾਈ ਨਹੀਂ ਕਰ ਸਕੇ, ਜਿਸ ਕਾਰਣ ਵਿਦਿਆਰਥੀ ਬਹੁਤ ਪਰੇਸ਼ਾਨ ਸਨ।
ਪੰਜਾਬ ਦੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੋਰਟਲ 4 ਨਵੰਬਰ ਤੋਂ ਖੋਲ੍ਹਿਆ ਗਿਆ ਹੈ, ਜਿਸ ਵਿੱਚ 30 ਨਵੰਬਰ ਤੱਕ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਪੰਜਾਬ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਦਿੱਤੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਤਾਂ ਜੋ ਉਹ ਭਵਿੱਖ ਵਿਚਲੀਆਂ ਪਰੇਸ਼ਾਨੀਆਂ ਤੋਂ ਬਚ ਸਕਣ।