ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ
Saturday, Jul 16, 2022 - 09:19 PM (IST)
ਚੰਡੀਗੜ੍ਹ (ਰਮਨਜੀਤ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੇ ਮੋਗਾ ਵਿਚ ਦਰਜ ਹੋਏ ਮਾਮਲਿਆਂ ਵਿਚ ਡੇਰਾ ਸਿਰਸਾ ਨਾਲ ਸਬੰਧਤ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ। ਜਬਰ-ਜ਼ਿਨਾਹ ਅਤੇ ਕਤਲ ਕੇਸਾਂ ਵਿਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵਲੋਂ ਦਿੱਤੀ ਗਈ ਪੈਰੋਲ ਤੋਂ ਸਿੱਖ ਜਥੇਬੰਦੀਆਂ ਪਹਿਲਾਂ ਹੀ ਭੜਕ ਗਈਆਂ ਸਨ ਅਤੇ ਦੂਜੇ ਪਾਸੇ ਡੇਰਾ ਮੁਖੀ ਦੇ ਵਰਚੂਅਲ ਆਗੂ ਜੋ ਕਿ ਜਬਰ-ਜ਼ਿਨਾਹ ਕਰਨ ਅਤੇ ਕਾਤਲ ਸਾਬਤ ਹੋ ਚੁੱਕੇ, ਦੇ ਪ੍ਰੋਗਰਾਮਾਂ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ। ਡੇਰਾਬੱਸੀ ਅਤੇ ਤਰਨਤਾਰਨ ਵਿਚ ਸਿੱਖ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਸਮੇਂ ਸਿਰ ਸੂਚਨਾ ਮਿਲਣ ’ਤੇ ਪੁੱਜੀਆਂ ਪੁਲਸ ਫੋਰਸਾਂ ਵਲੋਂ ਸਥਿਤੀ ਨੂੰ ਵਿਗੜਨ ਤੋਂ ਬਚਾ ਲਿਆ ਗਿਆ ਪਰ ਸੰਭਾਵਨਾ ਹੈ ਕਿ ਇਹ ਰੋਸ ਹੋਰ ਵੀ ਵਧ ਸਕਦਾ ਹੈ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਦੱਸਿਆ ਗਿਆ ਹੈ ਕਿ ਇਸ ਦੇ ਮੱਦੇਨਜ਼ਰ ਪੰਜਾਬ ਪੁਲਸ ਹੈੱਡਕੁਆਰਟਰ ਨੇ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਖ਼ਾਸ ਕਰ ਕੇ ਮਾਲਵੇ ਦੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਚੌਕਸ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਡੇਰਾ ਮੁਖੀ ਦੇ ਜ਼ਿਲ੍ਹਿਆਂ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੇ ਸਬੰਧ ਵਿਚ ਸਾਵਧਾਨੀ ਵਰਤਣ ਅਤੇ ਭੜਕਾਹਟ ਦੀ ਸਥਿਤੀ ਪੈਦਾ ਨਾ ਹੋਣ ਦਿੱਤੀ ਜਾਵੇ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਬਰ-ਜ਼ਿਨਾਹ ਦੇ ਮਾਮਲੇ ਵਿਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਵਡਿਆਈ ਨਾਲ ਸਬੰਧਤ ਵਰਚੂਅਲ ਪ੍ਰੋਗਰਾਮ ਆਯੋਜਿਤ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਤਾਂ ਜੋ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਧਿਆਨ ਰਹੇ ਕਿ ਭਾਈ ਅਮਰੀਕ ਸਿੰਘ ਅਜਨਾਲਾ, ਸਤਨਾਮ ਸਿੰਘ ਮਨਾਵਾਂ ਅਤੇ ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਨੇ ਵੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿਚ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਧਰਨੇ ਦੌਰਾਨ ਹੋਏ ਖ਼ੂਨ-ਖਰਾਬੇ ਲਈ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।
ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ, ਸੰਸਦ ’ਚ ਕਿਰਪਾਨ ਲਿਜਾਣ ਦੀ ਇਜਾਜ਼ਤ ਨਾ ਮਿਲੀ ਤਾਂ ਨਹੀਂ ਚੁੱਕਾਂਗਾ ਸਹੁੰ
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਰਾਏ