ਭੇਤਭਰੇ ਹਾਲਤਾਂ ''ਚ ਗਰਭਵਤੀ ਜਨਾਨੀ ਦੀ ਮੌਤ,ਕੋਰੋਨਾ ਪਾਜ਼ੇਟਿਵ ਰਿਪੋਰਟ ''ਤੇ ਪਰਿਵਾਰ ਨੇ ਚੁੱਕੇ ਸਵਾਲ
Thursday, Jul 16, 2020 - 06:20 PM (IST)
ਜਲਾਲਾਬਾਦ/ ਗੁਰੂਹਰਸਹਾਏ (ਸੇਤੀਆ,ਸੁਮਿਤ,ਆਵਲਾ): ਸਬ-ਡਵੀਜ਼ਨ ਜਲਾਲਾਬਾਦ ਨਾਲ ਸਬੰਧਤ ਬੂਰ ਵਾਲਾ ਵਾਸੀ ਇਕ ਗਰਭਵਤੀ ਜਨਾਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਨਾਨੀ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਸਦੀ ਧੀ ਪਿੰਡ ਕੱਟੀਆਂ ਵਾਲਾ 'ਚ ਵਿਆਹੀ ਹੋਈ ਸੀ ਪਰ ਸਹੁਰੇ ਪਰਿਵਾਰ ਨਾਲ ਵਿਵਾਦ ਹੋਣ ਕਾਰਨ ਪਿਛਲੇ ਕਰੀਬ ਇਕ ਸਾਲ ਤੋਂ ਉਹ ਪੇਕੇ ਘਰ ਰਹਿ ਰਹੀ ਸੀ ਅਤੇ ਕਰੀਬ 8 ਮਹੀਨਿਆਂ ਤੋਂ ਗਰਭਵਤੀ ਸੀ। ਉਸਨੇ ਦੱਸਿਆ ਕਿ ਉਸਦੀ ਬੇਟੀ ਅਚਾਨਕ ਬਾਥਰੂਮ ਕਰਨ ਲਈ ਉੱਠੀ ਸੀ ਤੇ ਬਾਥਰੂਮ 'ਚ ਪੈਰ ਫਿਸਲਣ ਕਾਰਣ ਡਿੱਗ ਪਈ ਅਤੇ ਉਸਦੀ ਹਾਲਤ ਕਾਫੀ ਖਰਾਬ ਹੋ ਗਈ, ਜਿਸ ਨੂੰ 15 ਜੁਲਾਈ ਨੂੰ ਇਲਾਜ ਲਈ ਤੜਕਸਾਰ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲੈ ਜਾਇਆ ਗਿਆ, ਉਥੇ ਪੂਰਾ ਦਿਨ ਰੱਖਿਆ ਤੇ ਬਾਅਦ 'ਚ ਉਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਤੁਹਾਡੀ ਬੇਟੀ ਮਰ ਚੁੱਕੀ ਹੈ ਅਤੇ ਇਸ ਦਾ ਪੋਸਟਮਾਰਟਮ ਕਰਵਾਉਣਾ ਹੈ ਪਰ ਜਦੋਂ ਅਸੀਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਲਾਸ਼ ਨਹੀਂ ਦਿੱਤੀ ਅਤੇ ਅਗਲੇ ਦਿਨ ਕੋਰੋਨਾ ਪਾਜ਼ੇਟਿਵ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ: ਸੰਗਰੂਰ: ਬੇਰੁਜ਼ਗਾਰੀ ਦਾ ਆਲਮ, ਡਿਗਰੀਆਂ ਪਾਸ ਨੌਜਵਾਨ ਸਬਜ਼ੀਆਂ ਵੇਚਣ ਲਈ ਮਜਬੂਰ
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਜੇਕਰ ਕੁੜੀ ਨੂੰ ਕੋਰੋਨਾ ਪਾਜ਼ੇਟਿਵ ਸੀ ਤਾਂ ਪਹਿਲਾਂ ਉਸਦਾ ਟੈਸਟ ਹੋਣਾ ਸੀ ਜਦਕਿ ਇਲਾਜ ਦੌਰਾਨ ਕੁੱਝ ਘੰਟੇ ਪਹਿਲਾਂ ਉਨ੍ਹਾਂ ਦਾ ਪਰਿਵਾਰ ਨਾਲ ਸੀ ਤੇ ਬਾਅਦ 'ਚ ਉਹ ਉਸ ਨੂੰ ਉਪਰ ਲੈ ਗਏ ਜਿੱਥੇ ਉਸਦੀ ਮੌਤ ਹੋ ਗਈ ਅਤੇ ਅਗਲੇ ਦਿਨ ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਗਈ। ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਨੂੰ ਕੋਰੋਨਾ ਦੇ ਲੱਛਣਾਂ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਸੀ ਪਰ ਪਤਾ ਨਹੀਂ ਕਿਉਂ ਉਸ ਨੂੰ ਕੋਰੋਨਾ ਪਾਜ਼ੇਟਿਵ ਕਰਾਰ ਦਿੱਤਾ ਗਿਆ। ਉਧਰ ਪਰਿਵਾਰਕ ਮੈਬਰਾਂ ਨੂੰ ਅਜੇ ਤੱਕ ਲਾਸ਼ ਨਹੀਂ ਮਿਲੀ ਹੈ। ਫਰੀਦਕੋਟ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਹੀ ਲਾਸ਼ ਸੌਂਪੀ ਜਾਵੇਗੀ ਤੇ ਕੁੜੀ ਦਾ ਅੰਤਿਮ ਸਸਕਾਰ ਕਰਵਾਇਆ ਜਾਵੇਗਾ। ਉਧਰ ਫਰੀਦਕੋਟ ਡਿਪਟੀ ਕਮਿਨਸ਼ਨਰ ਵਿਮਲ ਸੇਤੀਆ ਦੇ ਧਿਆਨ 'ਚੋ ਲਿਆਂਦਾ ਗਿਆ ਤਾਂ ਤੁਰੰਤ ਇਸ ਸਬੰਧੀ ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜਲਦੀ ਹੀ ਇਸ ਪਰਿਵਾਰ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ.ਅਤੇ ਐੱਸ.ਐੱਚ.ਓ.ਦੀ ਜ਼ਮਾਨਤ ਅਰਜ਼ੀ ਰੱਦ